IPL 2025 ਦੇ ਦੂਜੇ ਮੁਕਾਬਲੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਸਕੋਰਿੰਗ ਮੁਕਾਬਲੇ ਵਿੱਚ SRH ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 286 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਕਿ IPL ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਬਣ ਗਿਆ। ਜਵਾਬ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ 20 ਓਵਰਾਂ ਵਿੱਚ ਸਿਰਫ਼ 242 ਦੌੜਾਂ ਹੀ ਬਣਾ ਸਕੀ।
ਈਸ਼ਾਨ ਕਿਸ਼ਨ ਦਾ ਡੈਬਿਊ IPL ਸੈਂਕੜਾ

ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਉਨ੍ਹਾਂ ਦਾ ਇਹ ਫ਼ੈਸਲਾ SRH ਦੇ ਵਿਸਫੋਟਕ ਬੱਲੇਬਾਜ਼ਾਂ ਦੇ ਸਾਹਮਣੇ ਗ਼ਲਤ ਸਾਬਤ ਹੋਇਆ। ਸਨਰਾਈਜ਼ਰਸ ਵੱਲੋਂ ਈਸ਼ਾਨ ਕਿਸ਼ਨ ਨੇ ਆਪਣੇ ਡੈਬਿਊ ਮੁਕਾਬਲੇ ਵਿੱਚ ਧਮਾਕੇਦਾਰ ਸੈਂਕੜਾ ਲਗਾਇਆ। ਉਨ੍ਹਾਂ ਨੇ 45 ਗੇਂਦਾਂ 'ਤੇ 106 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 11 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਇਹ ਈਸ਼ਾਨ ਦੇ IPL ਕਰੀਅਰ ਦਾ ਪਹਿਲਾ ਸੈਂਕੜਾ ਵੀ ਸੀ।
ਇਸ ਤੋਂ ਇਲਾਵਾ, ਟ੍ਰੈਵਿਸ ਹੈੱਡ ਨੇ 31 ਗੇਂਦਾਂ 'ਤੇ 67 ਦੌੜਾਂ ਦੀ ਧੂਆਂਧਾਰ ਪਾਰੀ ਖੇਡੀ, ਜਦੋਂ ਕਿ ਹੈਨਰਿਕ ਕਲਾਸੇਨ (34 ਦੌੜਾਂ, 14 ਗੇਂਦਾਂ), ਨੀਤੀਸ਼ ਰੈੱਡੀ (30 ਦੌੜਾਂ, 15 ਗੇਂਦਾਂ) ਅਤੇ ਅਨਿਕੇਤ ਵਰਮਾ (7 ਦੌੜਾਂ) ਨੇ ਵੀ ਲਾਹੇਵੰਦ ਯੋਗਦਾਨ ਦਿੱਤਾ। ਰਾਜਸਥਾਨ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ ਸਰਬੋਤਮ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ, ਜਦੋਂ ਕਿ ਮਹੇਸ਼ ਤੀਖਸ਼ਣਾ ਨੂੰ ਦੋ ਅਤੇ ਸੰਦੀਪ ਸ਼ਰਮਾ ਨੂੰ ਇੱਕ ਸਫ਼ਲਤਾ ਮਿਲੀ। ਜੋਫਰਾ ਆਰਚਰ ਲਈ ਦਿਨ ਬਹੁਤ ਮਾੜਾ ਰਿਹਾ, ਉਨ੍ਹਾਂ ਨੇ 4 ਓਵਰਾਂ ਵਿੱਚ 76 ਦੌੜਾਂ ਦਿੱਤੀਆਂ।
ਰਾਜਸਥਾਨ ਦੇ ਬੱਲੇਬਾਜ਼ਾਂ ਨੇ ਕੀਤੀ ਭਰਪੂਰ ਕੋਸ਼ਿਸ਼

ਵੱਡੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੂੰ ਸ਼ੁਰੂਆਤ ਵਿੱਚ ਹੀ ਝਟਕੇ ਲੱਗੇ। ਦੂਜੇ ਓਵਰ ਵਿੱਚ ਯਸ਼ਸਵੀ ਜੈਸਵਾਲ (1) ਅਤੇ ਕਪਤਾਨ ਰਿਆਨ ਪਰਾਗ (4) ਦੇ ਆਊਟ ਹੁੰਦੇ ਹੀ ਟੀਮ ਦਬਾਅ ਵਿੱਚ ਆ ਗਈ। ਇਸ ਤੋਂ ਬਾਅਦ ਸੰਜੂ ਸੈਮਸਨ (68 ਦੌੜਾਂ, 40 ਗੇਂਦਾਂ) ਅਤੇ ਧਰੁਵ ਜੁਰੇਲ (57 ਦੌੜਾਂ, 35 ਗੇਂਦਾਂ) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਸੰਭਾਲਿਆ ਅਤੇ ਚੌਥੇ ਵਿਕਟ ਲਈ 111 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਰਾਜਸਥਾਨ ਦੀ ਪਾਰੀ ਫਿਰ ਤੋਂ ਡਗਮਗਾ ਗਈ।
ਸ਼ਿਮਰੋਨ ਹੈਟਮਾਇਰ (42 ਦੌੜਾਂ, 23 ਗੇਂਦਾਂ) ਅਤੇ ਸ਼ੁਭਮ ਦੁਬੇ (34 ਦੌੜਾਂ, 11 ਗੇਂਦਾਂ) ਨੇ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। SRH ਵੱਲੋਂ ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ ਅਤੇ ਵਾਸ਼ਿੰਗਟਨ ਸੁੰਦਰ ਨੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ, ਜਿਸ ਕਾਰਨ ਰਾਜਸਥਾਨ ਨੂੰ 44 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਸ ਹੈਦਰਾਬਾਦ ਨੇ ਇਸ ਜਿੱਤ ਨਾਲ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਉਹ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਆਪਣੀ ਹਮਲਾਵਰ ਬੱਲੇਬਾਜ਼ੀ ਜਾਰੀ ਰੱਖਣਾ ਚਾਹੁਣਗੇ। ਓਧਰ, ਰਾਜਸਥਾਨ ਰਾਇਲਜ਼ ਨੂੰ ਆਪਣੀ ਗੇਂਦਬਾਜ਼ੀ 'ਤੇ ਕੰਮ ਕਰਨ ਦੀ ਲੋੜ ਹੈ, ਖਾਸ ਕਰਕੇ ਡੈੱਥ ਓਵਰਾਂ ਵਿੱਚ, ਜਿੱਥੇ ਉਨ੍ਹਾਂ ਨੇ ਕਾਫ਼ੀ ਦੌੜਾਂ ਗੁਆਈਆਂ।






