ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਏਆਈ ਡਾਟਾ ਸੈਂਟਰ ਵੱਡੀ ਮਾਤਰਾ ਵਿੱਚ ਪਾਣੀ ਦੀ ਖਪਤ ਕਰ ਰਹੇ ਹਨ, ਜਿਸ ਨਾਲ ਵਾਤਾਵਰਣਕ ਪ੍ਰਭਾਵ ਬਾਰੇ ਚਿੰਤਾ ਵਧ ਗਈ ਹੈ। ਉਪਲਬਧ ਜਾਣਕਾਰੀ ਮੁਤਾਬਕ, ਮਿਡੀਅਮ ਅਤੇ ਵੱਡੇ ਡਾਟਾ ਸੈਂਟਰ ਕੂਲਿੰਗ ਲਈ ਹਰ ਸਾਲ ਲੱਖਾਂ ਤੋਂ ਅਰਬਾਂ ਗੈਲਨ ਤੱਕ ਪਾਣੀ ਦੀ ਵਰਤੋਂ ਕਰਦੇ ਹਨ। ਇਹ ਖਪਤ ਉਹਨਾਂ ਖੇਤਰਾਂ ਵਿੱਚ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਿੱਥੇ ਪਹਿਲਾਂ ਹੀ ਪਾਣੀ ਦੀ ਕਮੀ ਮੌਜੂਦ ਹੈ। ਮਾਹਿਰਾਂ ਅਨੁਸਾਰ, ਸਰਵਰਾਂ ਨੂੰ ਠੰਢਾ ਰੱਖਣ ਲਈ ਵਰਤੀ ਜਾ ਰਹੀਆਂ ਮੌਜੂਦਾ ਤਕਨੀਕਾਂ ਪਾਣੀ ਉੱਤੇ ਨਿਰਭਰ ਹਨ, ਇਸ ਲਈ ਵਿਕਲਪਕ ਹੱਲ ਲੱਭਣ ਦੀ ਲੋੜ ਹੈ।
ਮਿਡੀਅਮ ਆਕਾਰ ਦੇ ਡਾਟਾ ਸੈਂਟਰ ਕੂਲਿੰਗ ਲਈ ਹਰ ਸਾਲ ਕਰੀਬ 110 ਮਿਲੀਅਨ ਗੈਲਨ ਪਾਣੀ ਦੀ ਵਰਤੋਂ ਕਰਦੇ ਹਨ। ਇਹ ਮਾਤਰਾ ਲਗਭਗ 1000 ਘਰਾਂ ਦੀ ਇੱਕ ਸਾਲ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੇ ਬਰਾਬਰ ਹੈ।
ਵੱਡੇ ਡਾਟਾ ਸੈਂਟਰਾਂ ਦੀ ਖਪਤ ਇਸ ਤੋਂ ਵੀ ਵੱਧ ਹੈ। ਜਾਣਕਾਰੀ ਮੁਤਾਬਕ, ਇਹ ਸੈਂਟਰ ਹਰ ਰੋਜ਼ ਕਰੀਬ 5 ਮਿਲੀਅਨ ਗੈਲਨ ਪਾਣੀ ਦੀ ਵਰਤੋਂ ਕਰ ਸਕਦੇ ਹਨ, ਜੋ ਸਾਲਾਨਾ ਕਰੀਬ 1.8 ਬਿਲੀਅਨ ਗੈਲਨ ਤੱਕ ਪਹੁੰਚ ਜਾਂਦੀ ਹੈ। ਇਹ ਮਾਤਰਾ ਕਿਸੇ ਛੋਟੇ ਸ਼ਹਿਰ ਦੀ ਪਾਣੀ ਦੀ ਖਪਤ ਦੇ ਬਰਾਬਰ ਹੈ।
ਏਆਈ ਡਾਟਾ ਸੈਂਟਰਾਂ ਵਿੱਚ ਹਜ਼ਾਰਾਂ ਸਰਵਰ ਅਤੇ ਉੱਚ ਸਮਰੱਥਾ ਵਾਲੇ GPU ਲਗਾਤਾਰ ਕੰਮ ਕਰਦੇ ਹਨ, ਜਿਸ ਨਾਲ ਵੱਡੀ ਮਾਤਰਾ ਵਿੱਚ ਗਰਮੀ ਪੈਦਾ ਹੁੰਦੀ ਹੈ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਠੰਢਾ ਨਾ ਕੀਤਾ ਜਾਵੇ ਤਾਂ ਸਿਸਟਮ ਦੇ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।
ਇਸੇ ਕਰਕੇ ਡਾਟਾ ਸੈਂਟਰਾਂ ਵਿੱਚ Evaporative Cooling ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਪਾਣੀ ਦੀ ਮਦਦ ਨਾਲ ਸਰਵਰਾਂ ਨੂੰ ਠੰਢਾ ਰੱਖਿਆ ਜਾਂਦਾ ਹੈ, ਤਾਂ ਜੋ ਸਿਸਟਮ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕੇ।
ਏਆਈ ਦੀ ਵਧਦੀ ਵਰਤੋਂ ਨਾਲ ਪਾਣੀ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਨਾਲ ਵਾਤਾਵਰਣਕ ਸੰਤੁਲਨ ਉੱਤੇ ਅਸਰ ਪੈ ਸਕਦਾ ਹੈ। ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਪਹਿਲਾਂ ਹੀ ਪਾਣੀ ਦੀ ਕਮੀ ਹੈ, ਉੱਥੇ ਡਾਟਾ ਸੈਂਟਰਾਂ ਦੀ ਮੌਜੂਦਗੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ।
ਮਾਹਿਰਾਂ ਦੇ ਅਨੁਸਾਰ, ਜੇ ਸਮੇਂ ਸਿਰ ਵਿਕਲਪਕ ਕੂਲਿੰਗ ਤਕਨੀਕਾਂ ਅਤੇ ਬਿਹਤਰ ਸਰੋਤ ਪ੍ਰਬੰਧਨ ਉੱਤੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਇਹ ਇੱਕ ਵੱਡੀ ਵਾਤਾਵਰਣਕ ਚੁਣੌਤੀ ਬਣ ਸਕਦੀ ਹੈ।





