ਭਾਰਤ ਦੇ 20 ਸਾਲਾ ਸ਼ਟਲਰ ਆਯੁਸ਼ ਸ਼ੈੱਟੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਵਰਲਡ ਨੰਬਰ-1 ਕੁਨਲਾਵੁਤ ਵਿਟਿਡਸਾਰਨ ਨੂੰ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿੰਗਬੋ ਓਲੰਪਿਕ ਸਪੋਰਟਸ ਸੈਂਟਰ ਵਿੱਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ 10-21, 21-19, 21-17 ਨਾਲ ਜਿੱਤ ਦਰਜ ਕੀਤੀ।
ਆਯੁਸ਼ ਸ਼ੈੱਟੀ ਅਤੇ ਕੁਨਲਾਵੁਤ ਵਿਟਿਡਸਾਰਨ ਦਰਮਿਆਨ ਇਹ ਦੂਜਾ ਵੱਡਾ ਮੁਕਾਬਲਾ ਸੀ। ਇਸ ਤੋਂ ਪਹਿਲਾਂ ਦੋਵੇਂ ਖਿਡਾਰੀ ਪਿਛਲੇ ਸਾਲ ਆਰਕਟਿਕ ਓਪਨ ਵਿੱਚ ਆਮਨੇ-ਸਾਮਨੇ ਆਏ ਸਨ, ਜਿੱਥੇ ਥਾਈ ਖਿਡਾਰੀ ਨੇ ਸਿੱਧੇ ਗੇਮਾਂ ਵਿੱਚ ਜਿੱਤ ਦਰਜ ਕੀਤੀ ਸੀ। ਇਸ ਵਾਰ ਪਹਿਲਾ ਗੇਮ ਹਾਰਣ ਤੋਂ ਬਾਅਦ ਆਯੁਸ਼ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਅਤੇ ਲੰਬੀਆਂ ਰੈਲੀਆਂ ਵਿੱਚ ਸੰਤੁਲਨ ਬਣਾਈ ਰੱਖਦੇ ਹੋਏ ਮੁਕਾਬਲੇ ਵਿੱਚ ਵਾਪਸੀ ਕੀਤੀ।
ਇਸ ਟੂਰਨਾਮੈਂਟ ਵਿੱਚ ਆਯੁਸ਼ ਸ਼ੈੱਟੀ ਦਾ ਪ੍ਰਦਰਸ਼ਨ ਲਗਾਤਾਰ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਕਵਾਰਟਰਫਾਈਨਲ ਵਿੱਚ ਵਰਲਡ ਨੰਬਰ-4 ਜੋਨਾਥਨ ਕ੍ਰਿਸਟੀ ਨੂੰ 23-21, 21-17 ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨੀ ਤਾਈਪੇ ਦੇ ਚਿਨ ਯੂ ਜੈਨ ਅਤੇ ਚੀਨ ਦੇ ਲੀ ਸ਼ੀ ਫੇਂਗ ਨੂੰ ਵੀ ਹਰਾਇਆ।
ਆਯੁਸ਼ ਸ਼ੈੱਟੀ ਇਸ ਪ੍ਰਤੀਯੋਗਿਤਾ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਭਾਰਤ ਦੇ ਦੂਜੇ ਪੁਰਸ਼ ਇਕਲ ਖਿਡਾਰੀ ਬਣ ਗਏ ਹਨ। 59 ਸਾਲਾਂ ਬਾਅਦ ਕਿਸੇ ਭਾਰਤੀ ਖਿਡਾਰੀ ਨੇ ਇਸ ਪੱਧਰ 'ਤੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ 1965 ਵਿੱਚ ਦਿਨੇਸ਼ ਖੰਨਾ ਨੇ ਪੁਰਸ਼ ਇਕਲ ਵਿੱਚ ਸੋਨਾ ਜਿੱਤਿਆ ਸੀ, ਜਦਕਿ 2018 ਵਿੱਚ ਐਚ ਐਸ ਪ੍ਰਣਯ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।
ਫਾਈਨਲ ਵਿੱਚ ਆਯੁਸ਼ ਸ਼ੈੱਟੀ ਨੇ ਘੱਟੋ-ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ। ਖਿਤਾਬ ਲਈ ਉਨ੍ਹਾਂ ਦਾ ਮੁਕਾਬਲਾ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ, ਜਿੱਥੇ ਚੌ ਤੀਐਨ ਚੇਨ ਅਤੇ ਸ਼ੀ ਯੂਕੀ ਦਰਮਿਆਨ ਮੁਕਾਬਲਾ ਹੋਣਾ ਹੈ।










