2025 ਦੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਖਿਡਾਰੀਆਂ ਨੇ ਬੱਲੇ ਅਤੇ ਗੇਂਦ ਦੋਨੋਂ ਨਾਲ ਹੀ ਵਧੀਆ ਪ੍ਰਦਰਸ਼ਨ ਕੀਤਾ।
ਖੇਡ ਸਮਾਚਾਰ: 2025 ਦੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਖਿਡਾਰੀਆਂ ਨੇ ਬੱਲੇ ਅਤੇ ਗੇਂਦ ਦੋਨੋਂ ਨਾਲ ਹੀ ਵਧੀਆ ਪ੍ਰਦਰਸ਼ਨ ਕੀਤਾ। ਪਹਿਲਾਂ ਗੇਂਦਬਾਜ਼ਾਂ ਨੇ ਆਸਟਰੇਲੀਆ ਨੂੰ 264 ਦੌੜਾਂ ‘ਤੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ, ਫਿਰ ਵਿਰਾਟ ਕੋਹਲੀ ਦੀ ਸੰਜਮਿਤ ਪਾਰੀ ਅਤੇ ਹਾਰਦਿਕ ਪਾਂਡਿਆ ਦੀ ਵਿਸਫੋਟਕ ਬੱਲੇਬਾਜ਼ੀ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦਿਵਾਈ।
264 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਸਤੇ ਵਿੱਚ ਪਵੇਲੀਅਨ ਵਾਪਸ ਪਰਤ ਗਏ, ਪਰ ਵਿਰਾਟ ਕੋਹਲੀ ਇੱਕ ਵਾਰ ਫਿਰ ਟੀਮ ਦੀ ਰੀੜ੍ਹ ਦੀ ਹੱਡੀ ਬਣੇ। ਕੋਹਲੀ ਨੇ 84 ਦੌੜਾਂ ਦੀ ਬੇਹਤਰੀਨ ਪਾਰੀ ਖੇਡ ਕੇ ਜਿੱਤ ਦੀ ਨੀਂਹ ਰੱਖੀ। ਹਾਰਦਿਕ ਪਾਂਡਿਆ ਅਤੇ ਕੇ. ਐਲ. ਰਾਹੁਲ ਨੇ ਆਖਿਰ ਵਿੱਚ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਮੁਕਾਬਲੇ ਦੇ ਤਿੰਨ ਸਭ ਤੋਂ ਵੱਡੇ ਹੀਰੋ ਰਹੇ— ਵਿਰਾਟ ਕੋਹਲੀ, ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ।
1. ਵਿਰਾਟ ਕੋਹਲੀ – ਵੱਡੇ ਮੈਚ ਦਾ ਵੱਡਾ ਖਿਡਾਰੀ
ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਦਬਾਅ ਵਾਲੇ ਮੁਕਾਬਲਿਆਂ ਵਿੱਚ ਉਨ੍ਹਾਂ ਤੋਂ ਵਧੀਆ ਕੋਈ ਨਹੀਂ। ਉਨ੍ਹਾਂ ਨੇ 84 ਦੌੜਾਂ ਦੀ ਜ਼ਿੰਮੇਵਾਰੀ ਭਰੀ ਪਾਰੀ ਖੇਡੀ ਅਤੇ ਆਪਣੀ ਇਨਿੰਗਸ ਦੌਰਾਨ 91 ਦੌੜਾਂ ਦੀ ਸਾਂਝੇਦਾਰੀ ਸ਼੍ਰੇਯਸ ਅਈਅਰ ਨਾਲ ਅਤੇ 44 ਦੌੜਾਂ ਅਕਸ਼ਰ ਪਟੇਲ ਨਾਲ ਜੋੜੀਆਂ। ਖਾਸ ਗੱਲ ਇਹ ਰਹੀ ਕਿ ਕੋਹਲੀ ਨੇ ਆਕਰਾਮਕ ਬੱਲੇਬਾਜ਼ੀ ਦੀ ਬਜਾਏ ਸਟਰਾਈਕ ਰੋਟੇਟ ਕਰਨ ‘ਤੇ ਧਿਆਨ ਦਿੱਤਾ ਅਤੇ ਆਪਣੀ 84 ਦੌੜਾਂ ਦੀ ਪਾਰੀ ਵਿੱਚ ਸਿਰਫ 5 ਚੌਕੇ ਲਗਾਏ। ਜਦੋਂ ਕੋਹਲੀ ਆਊਟ ਹੋਏ, ਤਾਂ ਭਾਰਤ ਜਿੱਤ ਦੇ ਨੇੜੇ ਪਹੁੰਚ ਚੁੱਕਾ ਸੀ।
2. ਹਾਰਦਿਕ ਪਾਂਡਿਆ – ਦਬਾਅ ਵਿੱਚ ਮੈਚ ਫ਼ਿਨਿਸ਼ ਕੀਤਾ
ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਨੂੰ 44 ਗੇਂਦਾਂ ਵਿੱਚ 40 ਦੌੜਾਂ ਦੀ ਲੋੜ ਸੀ। ਇਸ ਸਮੇਂ ਹਾਰਦਿਕ ਪਾਂਡਿਆ ਨੇ ਆਕਰਾਮਕ ਰੁਖ਼ ਅਪਣਾਉਂਦੇ ਹੋਏ 24 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਉਨ੍ਹਾਂ ਨੇ ਤਿੰਨ ਲੰਮੇ ਛੱਕੇ ਲਗਾਏ, ਜਿਨ੍ਹਾਂ ਵਿੱਚੋਂ ਇੱਕ 106 ਮੀਟਰ ਦਾ ਸੀ। ਉਨ੍ਹਾਂ ਦੀ ਇਸ ਪਾਰੀ ਨੇ ਭਾਰਤ ਨੂੰ ਕਿਸੇ ਵੀ ਦਬਾਅ ਵਿੱਚ ਨਹੀਂ ਆਉਣ ਦਿੱਤਾ ਅਤੇ ਟੀਮ ਨੂੰ ਆਸਾਨੀ ਨਾਲ ਜਿੱਤ ਦਿਵਾਈ।
3. ਮੁਹੰਮਦ ਸ਼ਮੀ – ਗੇਂਦਬਾਜ਼ੀ ਵਿੱਚ ਦਿਖਾਇਆ ਤਜਰਬਾ
ਇਸ ਮੁਕਾਬਲੇ ਵਿੱਚ ਮੁਹੰਮਦ ਸ਼ਮੀ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਆਪਣੇ 10 ਓਵਰਾਂ ਵਿੱਚ 48 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸ਼ਮੀ ਨੇ ਕੂਪਰ ਕੋਨੋਲੀ ਨੂੰ ਜਲਦੀ ਆਊਟ ਕਰਕੇ ਭਾਰਤ ਨੂੰ ਵਧੀਆ ਸ਼ੁਰੂਆਤ ਦਿਵਾਈ, ਫਿਰ ਸਟੀਵ ਸਮਿਥ ਨੂੰ ਬੋਲਡ ਕਰਕੇ ਵੱਡਾ ਝਟਕਾ ਦਿੱਤਾ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਆਸਟਰੇਲੀਆ ਵੱਡਾ ਸਕੋਰ ਨਹੀਂ ਬਣਾ ਸਕਿਆ।
ਵਰੁਣ ਚੱਕਰਵਰਤੀ ਨੇ ਟ੍ਰੇਵਿਸ ਹੈੱਡ ਨੂੰ ਜਲਦੀ ਆਊਟ ਕਰਕੇ ਭਾਰਤ ਨੂੰ ਰਾਹਤ ਦਿੱਤੀ, ਜਦੋਂ ਕਿ ਕੇ. ਐਲ. ਰਾਹੁਲ (42*) ਅਤੇ ਸ਼੍ਰੇਯਸ ਅਈਅਰ (45) ਨੇ ਵੀ ਅਹਿਮ ਪਾਰੀਆਂ ਖੇਡੀਆਂ। ਇਸ ਜਿੱਤ ਨਾਲ ਭਾਰਤ ਹੁਣ 2025 ਦੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਅਤੇ ਖ਼ਿਤਾਬ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।