ਦੱਖਣੀ ਕੋਰੀਆ ਦੇ ਬੁਸਾਨ ਵਿੱਚ ਬਨਿਆਨ ਟ੍ਰੀ ਹੋਟਲ ਦੀ ਕੰਸਟਰਕਸ਼ਨ ਸਾਈਟ ਉੱਤੇ ਲੱਗੀ ਅੱਗ ਵਿੱਚ 6 ਲੋਕਾਂ ਦੀ ਮੌਤ, 7 ਜ਼ਖ਼ਮੀ। ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਜੁਟਿਆ, ਜਾਂਚ ਜਾਰੀ।
South Korea Fire: ਦੱਖਣੀ ਕੋਰੀਆ ਦੇ ਬੁਸਾਨ (Busan) ਸ਼ਹਿਰ ਵਿੱਚ ਅੱਜ, ਸ਼ੁੱਕਰਵਾਰ 14 ਫਰਵਰੀ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸਵੇਰੇ ਲਗਪਗ 10 ਵਜ ਕੇ 50 ਮਿੰਟ (ਲੋਕਲ ਸਮੇਂ ਅਨੁਸਾਰ) ਬਨਿਆਨ ਟ੍ਰੀ ਹੋਟਲ (Banyan Tree Hotel) ਦੀ ਕੰਸਟਰਕਸ਼ਨ ਸਾਈਟ ਉੱਤੇ ਅਚਾਨਕ ਅੱਗ ਲੱਗ ਗਈ। ਇਹ ਅੱਗ ਸਾਈਟ ਦੀ ਪਹਿਲੀ ਮੰਜ਼ਿਲ ਉੱਤੇ ਸਥਿਤ ਸਵਿਮਿੰਗ ਪੂਲ ਦੇ ਨੇੜੇ ਰੱਖੀ ਇੰਸੂਲੇਸ਼ਨ ਸਮੱਗਰੀ ਵਿੱਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ।
6 ਲੋਕਾਂ ਨੂੰ ਦਿਲ ਦਾ ਦੌਰਾ, ਮੌਕੇ ਉੱਤੇ ਮੌਤ
ਅੱਗ ਲੱਗਣ ਕਾਰਨ ਮੌਕੇ ਉੱਤੇ ਭਾਜੜ ਮਚ ਗਈ। ਕੰਸਟਰਕਸ਼ਨ ਸਾਈਟ ਉੱਤੇ ਮੌਜੂਦ 6 ਲੋਕਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸੇ ਹਾਦਸੇ ਕਾਰਨ ਕਈ ਹੋਰ ਲੋਕ ਵੀ ਪ੍ਰਭਾਵਿਤ ਹੋਏ ਹਨ।
7 ਲੋਕ ਜ਼ਖ਼ਮੀ, ਹਸਪਤਾਲ ਵਿੱਚ ਦਾਖ਼ਲ
ਹਾਦਸੇ ਦੌਰਾਨ ਕੰਸਟਰਕਸ਼ਨ ਸਾਈਟ ਉੱਤੇ ਲਗਪਗ 100 ਲੋਕ ਮੌਜੂਦ ਸਨ। ਅੱਗ ਲੱਗਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਰਿਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਹਾਲਾਂਕਿ, 7 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਜੁਟੀ
ਬੁਸਾਨ ਦਾ ਫਾਇਰ ਡਿਪਾਰਟਮੈਂਟ ਪਿਛਲੇ ਦੋ ਘੰਟਿਆਂ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਜ ਵਿੱਚ ਕੁੱਲ 352 ਫਾਇਰ ਫਾਈਟਰ ਤਾਇਨਾਤ ਕੀਤੇ ਗਏ ਹਨ ਅਤੇ 127 ਫਾਇਰ ਇੰਜਣ ਲਗਾਏ ਗਏ ਹਨ। ਅੱਗ ਉੱਤੇ ਕਾਬੂ ਪਾਉਣ ਲਈ ਵੱਡੇ ਪੱਧਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ, ਪਰ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਵਿੱਚ ਹਾਲੇ ਕੁਝ ਹੋਰ ਸਮਾਂ ਲੱਗ ਸਕਦਾ ਹੈ।
ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ
ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਰਿਪੋਰਟ ਅਨੁਸਾਰ, ਅੱਗ ਇੰਸੂਲੇਸ਼ਨ ਸਮੱਗਰੀ ਵਿੱਚ ਲੱਗੀ ਸੀ, ਪਰ ਇਹ ਕਿਵੇਂ ਭੜਕੀ, ਇਸਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਾਂਤਵਣਾ ਦਿੱਤੀ ਹੈ ਅਤੇ ਜ਼ਖ਼ਮੀਆਂ ਦੇ ਇਲਾਜ ਦੀ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ।