Coal India Limited 660 ਮੈਨੇਜਮੈਂਟ ਟ੍ਰੇਨੀ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰੇਗਾ

ਕੋਲ ਇੰਡੀਆ ਲਿਮਿਟੇਡ ਨੇ ਮੈਨੇਜਮੈਂਟ ਟ੍ਰੇਨੀ ਦੀਆਂ 660 ਅਸਾਮੀਆਂ ਲਈ 12 ਮਈ 2026 ਤੋਂ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਰਤੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਨਿਕ ਸਟ੍ਰੀਮਾਂ ਵਿੱਚ ਕੀਤੀ ਜਾਵੇਗੀ ਅਤੇ ਚੋਣ ਕੰਪਿਊਟਰ ਬੇਸਡ ਟੈਸਟ ਰਾਹੀਂ ਹੋਵੇਗੀ।

ਕੋਲ ਇੰਡੀਆ ਲਿਮਿਟੇਡ ਨੇ ਮੈਨੇਜਮੈਂਟ ਟ੍ਰੇਨੀ (MT) ਅਸਾਮੀਆਂ ਲਈ 660 ਖਾਲੀ ਅਸਾਮੀਆਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਯੋਗ ਉਮੀਦਵਾਰ 12 ਮਈ 2026 ਤੋਂ ਅਧਿਕਾਰਿਕ ਵੈੱਬਸਾਈਟ coalindia.in ਰਾਹੀਂ ਆਨਲਾਈਨ ਅਰਜ਼ੀ ਦੇ ਸਕਣਗੇ।

ਕੋਲ ਇੰਡੀਆ ਲਿਮਿਟੇਡ ਅਨੁਸਾਰ ਭਰਤੀ ਪ੍ਰਕਿਰਿਆ ਤਹਿਤ ਇਲੈਕਟ੍ਰਿਕਲ, ਸਿਵਲ, ਮਕੈਨਿਕਲ, ਸਿਸਟਮ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਜੀਓਲੋਜੀ, ਇੰਡਸਟਰੀਅਲ ਇੰਜੀਨੀਅਰਿੰਗ, ਰਾਜਭਾਸ਼ਾ ਅਤੇ ਕੰਪਨੀ ਸੈਕ੍ਰੇਟਰੀ ਸਮੇਤ ਵੱਖ-ਵੱਖ ਸਟ੍ਰੀਮਾਂ ਵਿੱਚ ਮੈਨੇਜਮੈਂਟ ਟ੍ਰੇਨੀ ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਕੁੱਲ 660 ਅਸਾਮੀਆਂ ਵਿੱਚੋਂ ਸਭ ਤੋਂ ਵੱਧ 221 ਅਸਾਮੀਆਂ ਇਲੈਕਟ੍ਰਿਕਲ ਅਤੇ 178 ਅਸਾਮੀਆਂ ਸਿਵਲ ਸਟ੍ਰੀਮ ਲਈ ਨਿਰਧਾਰਤ ਕੀਤੀਆਂ ਗਈਆਂ ਹਨ।

ਅਰਜ਼ੀ ਦੇਣ ਲਈ ਉਮੀਦਵਾਰ ਕੋਲ ਸੰਬੰਧਿਤ ਸਟ੍ਰੀਮ ਵਿੱਚ B.E., B.Tech, B.Sc (Engg.), MCA, M.Sc, M.Tech ਜਾਂ CS ਵਰਗੀ ਡਿਗਰੀ ਹੋਣਾ ਲਾਜ਼ਮੀ ਹੈ। ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 30 ਸਾਲ ਨਿਰਧਾਰਤ ਕੀਤੀ ਗਈ ਹੈ। ਉਮਰ ਦੀ ਗਿਣਤੀ 30 ਅਪ੍ਰੈਲ 2026 ਦੇ ਆਧਾਰ ‘ਤੇ ਕੀਤੀ ਜਾਵੇਗੀ। ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੂਟ ਦਿੱਤੀ ਜਾਵੇਗੀ।

ਅਰਜ਼ੀ ਪ੍ਰਕਿਰਿਆ ਪੂਰੀ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ coalindia.in ‘ਤੇ ਜਾ ਕੇ ਭਰਤੀ ਸੰਬੰਧੀ ਲਿੰਕ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਉਮੀਦਵਾਰ ਅਰਜ਼ੀ ਫਾਰਮ ਭਰ ਕੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰ ਸਕਣਗੇ ਅਤੇ ਨਿਰਧਾਰਤ ਅਰਜ਼ੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।

ਜਨਰਲ ਅਤੇ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1180 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਜਦਕਿ ਐਸਸੀ, ਐਸਟੀ ਅਤੇ ਪੀਐਚ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੂਟ ਦਿੱਤੀ ਗਈ ਹੈ।

ਭਰਤੀ ਲਈ ਚੋਣ ਕੰਪਿਊਟਰ ਬੇਸਡ ਟੈਸਟ (CBT) ਰਾਹੀਂ ਕੀਤੀ ਜਾਵੇਗੀ। ਪ੍ਰੀਖਿਆ ਦੋ ਪੇਪਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਇਸ ਨੂੰ ਹੱਲ ਕਰਨ ਲਈ ਕੁੱਲ 3 ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ। ਪ੍ਰੀਖਿਆ ਵਿੱਚ ਹਰ ਪ੍ਰਸ਼ਨ 1 ਅੰਕ ਦਾ ਹੋਵੇਗਾ ਅਤੇ ਇਸ ਵਿੱਚ ਨੇਗੇਟਿਵ ਮਾਰਕਿੰਗ ਨਹੀਂ ਹੋਵੇਗੀ।

Leave a comment