ਭਾਰਤੀ ਟੀਮ ਵਿੱਚ ਵਾਪਸੀ ਕਰ ਰਹੇ ਕਰੁਣ ਨਾਇਰ ਨੇ ਸ਼ਾਨਦਾਰ ਅਰਧ ਸੈਂਕੜਾ ਜਮਾਇਆ, ਪਰ ਗਸ ਐਟਕਿੰਸਨ ਅਤੇ ਜੋਸ਼ ਟੰਗ ਦੀ ਤਿੱਖੀ ਗੇਂਦਬਾਜ਼ੀ ਨੇ ਇੰਗਲੈਂਡ ਨੂੰ ਪੰਜਵੇਂ ਅਤੇ ਆਖਰੀ ਟੈਸਟ ਦੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।
IND vs ENG 5th Test Highlights Day 1: ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਪੰਜਵੇਂ ਅਤੇ ਆਖਰੀ ਮੁਕਾਬਲੇ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ ਕਰੁਣ ਨਾਇਰ ਨੇ ਅੱਠ ਸਾਲ ਬਾਅਦ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਵਿੱਚ ਅਰਧ ਸੈਂਕੜਾ ਜੜ੍ਹ ਕੇ ਸ਼ਾਨਦਾਰ ਵਾਪਸੀ ਕੀਤੀ। ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਦੇ ਖੇਡ ਵਿੱਚ ਭਾਰਤ ਨੇ ਛੇ ਵਿਕਟਾਂ 'ਤੇ 204 ਰਨ ਬਣਾਏ। ਕਰੁਣ ਨਾਇਰ (ਅਜੇਤੂ 52 ਰਨ, 98 ਗੇਂਦਾਂ, 7 ਚੌਕੇ) ਅਤੇ ਵਾਸ਼ਿੰਗਟਨ ਸੁੰਦਰ (ਅਜੇਤੂ 19 ਰਨ) ਨੇ ਸੱਤਵੇਂ ਵਿਕਟ ਲਈ 51 ਰਨ ਦੀ ਅਟੁੱਟ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸੰਕਟ ਤੋਂ ਉਭਾਰਨ ਦਾ ਯਤਨ ਕੀਤਾ।
ਅਰਧ ਸੈਂਕੜੇ ਨਾਲ ਅੱਠ ਸਾਲ ਦਾ ਸੋਕਾ ਖ਼ਤਮ
ਕਰੁਣ ਨਾਇਰ ਲਈ ਇਹ ਪਾਰੀ ਬੇਹੱਦ ਖਾਸ ਰਹੀ ਕਿਉਂਕਿ ਉਨ੍ਹਾਂ ਨੇ ਦਸੰਬਰ 2016 ਤੋਂ ਬਾਅਦ ਪਹਿਲੀ ਵਾਰ 50 ਤੋਂ ਵੱਧ ਰਨ ਦੀ ਪਾਰੀ ਖੇਡੀ ਹੈ। 2016 ਵਿੱਚ ਇੰਗਲੈਂਡ ਦੇ ਖਿਲਾਫ ਹੀ ਉਨ੍ਹਾਂ ਨੇ ਇਤਿਹਾਸਕ 303* ਰਨ ਦੀ ਪਾਰੀ ਖੇਡੀ ਸੀ, ਜੋ ਉਨ੍ਹਾਂ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਬਾਅਦ ਉਹ ਟੈਸਟ ਟੀਮ ਤੋਂ ਬਾਹਰ ਰਹੇ ਅਤੇ ਹੁਣ ਅੱਠ ਸਾਲ ਬਾਅਦ ਉਨ੍ਹਾਂ ਨੇ ਫਿਰ ਤੋਂ ਆਪਣੀ ਉਪਯੋਗਤਾ ਸਾਬਿਤ ਕੀਤੀ ਹੈ।
ਪਹਿਲੇ ਦਿਨ ਦਾ ਖੇਡ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਰਿਹਾ ਅਤੇ ਸਿਰਫ 64 ਓਵਰਾਂ ਦਾ ਹੀ ਖੇਡ ਸੰਭਵ ਹੋ ਪਾਇਆ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗਸ ਐਟਕਿੰਸਨ (2 ਵਿਕਟਾਂ, 31 ਰਨ) ਅਤੇ ਜੋਸ਼ ਟੰਗ (2 ਵਿਕਟਾਂ, 47 ਰਨ) ਨੇ ਭਾਰਤੀ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ ਵਿੱਚ ਰੱਖਿਆ। ਗੇਂਦਬਾਜ਼ੀ ਦੇ ਅਨੁਕੂਲ ਹਾਲਾਤਾਂ ਵਿੱਚ ਭਾਰਤ ਨੇ ਨਿਯਮਿਤ ਅੰਤਰਾਲ 'ਤੇ ਵਿਕਟਾਂ ਗਵਾਈਆਂ ਅਤੇ ਕੇਵਲ ਕਰੁਣ ਨਾਇਰ ਹੀ ਅਜਿਹੇ ਬੱਲੇਬਾਜ਼ ਦਿਖੇ ਜੋ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਡਟ ਕੇ ਖੜ੍ਹੇ ਰਹੇ।
ਭਾਰਤ ਦੀ ਕਮਜ਼ੋਰ ਸ਼ੁਰੂਆਤ, ਮੱਧਕ੍ਰਮ ਵੀ ਅਸਥਿਰ
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਦਬਾਅ ਵਿੱਚ ਰਹੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ ਸਵੇਰ ਦੇ ਸੈਸ਼ਨ ਵਿੱਚ ਆਪਣੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (02) ਅਤੇ ਕੇਐਲ ਰਾਹੁਲ (14) ਦੇ ਵਿਕਟ ਸਸਤੇ ਵਿੱਚ ਗੁਆ ਦਿੱਤੇ। ਸ਼ੁਭਮਨ ਗਿੱਲ (21) ਚੰਗੀ ਲੈਅ ਵਿੱਚ ਦਿਖੇ ਪਰ ਗੈਰ ਜਰੂਰੀ ਰਨ ਲੈਣ ਦੇ ਯਤਨ ਵਿੱਚ ਰਨ ਆਊਟ ਹੋ ਗਏ। ਸਾਈ ਸੁਦਰਸ਼ਨ (38) ਵੀ ਲੈਅ ਵਿੱਚ ਦਿਖ ਰਹੇ ਸਨ ਪਰ ਟੰਗ ਦੀ ਬਿਹਤਰੀਨ ਆਊਟਸਵਿੰਗ ਗੇਂਦ 'ਤੇ ਵਿਕਟਕੀਪਰ ਜੈਮੀ ਸਮਿਥ ਨੂੰ ਕੈਚ ਦੇ ਬੈਠੇ।
ਰਵਿੰਦਰ ਜਡੇਜਾ (09) ਵੀ ਜਲਦੀ ਪਵੇਲੀਅਨ ਪਰਤੇ, ਜਿਨ੍ਹਾਂ ਨੂੰ ਟੰਗ ਨੇ ਸਮਿਥ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਪੰਜਵਾਂ ਝਟਕਾ ਦਿੱਤਾ। ਧਰੁਵ ਜੁਰੇਲ (19) ਨੇ ਕੁੱਝ ਚੰਗੇ ਸ਼ਾਟ ਖੇਡੇ ਪਰ ਐਟਕਿੰਸਨ ਦੀ ਗੇਂਦ 'ਤੇ ਦੂਸਰੀ ਸਲਿੱਪ ਵਿੱਚ ਹੈਰੀ ਬਰੂਕ ਨੂੰ ਕੈਚ ਥਮਾ ਬੈਠੇ।
ਕਰੁਣ ਅਤੇ ਸੁੰਦਰ ਨੇ ਦਿਖਾਈ ਸੰਜਮ ਅਤੇ ਸਾਹਸ
ਜਦੋਂ ਭਾਰਤ ਦਾ ਸਕੋਰ 153 'ਤੇ ਛੇ ਵਿਕਟ ਸੀ, ਉਦੋਂ ਅਜਿਹਾ ਲੱਗ ਰਿਹਾ ਸੀ ਕਿ ਟੀਮ 200 ਦੇ ਅੰਦਰ ਸਿਮਟ ਜਾਵੇਗੀ। ਪਰ ਕਰੁਣ ਨਾਇਰ ਅਤੇ ਵਾਸ਼ਿੰਗਟਨ ਸੁੰਦਰ ਨੇ ਧੀਰਜ ਅਤੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਦੇ ਹੋਏ ਇੰਗਲਿਸ਼ ਗੇਂਦਬਾਜ਼ਾਂ ਦੇ ਖਿਲਾਫ ਮੋਰਚਾ ਸੰਭਾਲਿਆ। ਨਾਇਰ ਨੇ 89 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸੁੰਦਰ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ।
ਨਾਇਰ ਨੇ ਜੈਕਬ ਬੈਥੇਲ ਦੀ ਗੇਂਦ 'ਤੇ ਦੋ ਰਨ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਟੀਮ ਨੂੰ 200 ਰਨ ਦੇ ਪਾਰ ਪਹੁੰਚਾਇਆ। ਇਹ ਸਾਂਝੇਦਾਰੀ ਭਾਰਤ ਦੇ ਲਈ ਉਸ ਸਮੇਂ ਆਈ ਜਦੋਂ ਟੀਮ ਨੂੰ ਇਸਦੀ ਸਭ ਤੋਂ ਵੱਧ ਜਰੂਰਤ ਸੀ।