ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਇਲਾਕੇ 'ਚ ਸ਼ੁੱਕਰਵਾਰ, 1 ਅਗਸਤ ਦੀ ਰਾਤ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਚਿਨਾਰ ਕੋਰਪਸ ਨੇ ਸ਼ਨੀਵਾਰ ਸਵੇਰੇ ਇਸ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।
ਜੰਮੂ-ਕਸ਼ਮੀਰ: ਅੱਤਵਾਦ ਵਿਰੁੱਧ ਸੁਰੱਖਿਆ ਬਲਾਂ ਦੀ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਇਲਾਕੇ ਵਿੱਚ ਚੱਲ ਰਹੇ ਆਪਰੇਸ਼ਨ ਅਖਲ (Op Akhal) ਵਿੱਚ ਹੁਣ ਤੱਕ ਇੱਕ ਅੱਤਵਾਦੀ ਮਾਰਿਆ ਗਿਆ ਹੈ, ਜਦਕਿ 2-3 ਅੱਤਵਾਦੀ ਅਜੇ ਵੀ ਇਲਾਕੇ ਵਿੱਚ ਲੁਕੇ ਹੋਣ ਦਾ ਖਦਸ਼ਾ ਹੈ।
ਇਹ ਸਾਂਝੀ ਮੁਹਿੰਮ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਸਪੈਸ਼ਲ ਆਪਰੇਸ਼ਨਜ਼ ਗਰੁੱਪ (ਐਸਓਜੀ) ਦੀ ਟੀਮ ਵੱਲੋਂ ਚਲਾਈ ਜਾ ਰਹੀ ਹੈ। ਆਪਰੇਸ਼ਨ ਸ਼ੁੱਕਰਵਾਰ, 1 ਅਗਸਤ ਦੀ ਰਾਤ ਨੂੰ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਜਾਰੀ ਹੈ।
ਰਾਤ ਭਰ ਚੱਲਿਆ ਆਪਰੇਸ਼ਨ, ਇੱਕ ਅੱਤਵਾਦੀ ਢੇਰ
ਭਾਰਤੀ ਫੌਜ ਦੀ ਚਿਨਾਰ ਕੋਰਪਸ ਨੇ ਸ਼ਨੀਵਾਰ ਸਵੇਰੇ ਪੁਸ਼ਟੀ ਕਰਦਿਆਂ ਕਿਹਾ ਕਿ ਆਪਰੇਸ਼ਨ ਅਖਲ ਤਹਿਤ ਸੁਰੱਖਿਆ ਬਲਾਂ ਨੇ ਚੌਕਸੀ ਅਤੇ ਰਣਨੀਤੀ ਨਾਲ ਅੱਤਵਾਦੀਆਂ ਨੂੰ ਘੇਰ ਲਿਆ, ਜਿਸ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ 'ਚ ਤੇਜ਼ ਗੋਲੀਬਾਰੀ ਹੋਈ। ਇਸ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ, ਹਾਲਾਂਕਿ ਉਸਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਫੌਜ ਨੇ ਕਿਹਾ ਕਿ ਜੰਗਲੀ ਇਲਾਕੇ ਵਿੱਚ ਹਨੇਰੇ ਅਤੇ ਚੁਣੌਤੀਪੂਰਨ ਭੂਗੋਲ ਦੇ ਬਾਵਜੂਦ ਆਪਰੇਸ਼ਨ ਸਾਵਧਾਨੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ, ਸੁਰੱਖਿਆ ਬਲਾਂ ਨੂੰ ਅਖਲ ਦੇ ਜੰਗਲੀ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇੱਕ ਸੰਘਣੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਇਲਾਕੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਜਦੋਂ ਸੁਰੱਖਿਆ ਬਲ ਸ਼ੱਕੀ ਗਤੀਵਿਧੀਆਂ ਦੇ ਨੇੜੇ ਪਹੁੰਚੇ, ਤਾਂ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਰ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਮਾਰਿਆ ਗਿਆ।
ਇਲਾਕੇ ਵਿੱਚ 2-3 ਹੋਰ ਅੱਤਵਾਦੀਆਂ ਦਾ ਖਦਸ਼ਾ
ਚਿਨਾਰ ਕੋਰਪਸ ਦੇ ਅਨੁਸਾਰ, ਅਜੇ ਵੀ 2-3 ਅੱਤਵਾਦੀ ਇਲਾਕੇ ਵਿੱਚ ਲੁਕੇ ਹੋ ਸਕਦੇ ਹਨ, ਜੋ ਸੰਭਵ ਤੌਰ 'ਤੇ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ ਹੋ ਸਕਦੇ ਹਨ। ਅੱਤਵਾਦੀਆਂ ਵੱਲੋਂ ਥੋੜ੍ਹੇ-ਥੋੜ੍ਹੇ ਸਮੇਂ 'ਚ ਗੋਲੀਬਾਰੀ ਜਾਰੀ ਹੈ, ਜਿਸ ਨੇ ਆਪਰੇਸ਼ਨ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ। ਇਸ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਬਲਾਂ ਨੇ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਅਤੇ ਵਾਧੂ ਟੁਕੜੀਆਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ ਹਨ।
ਆਪਰੇਸ਼ਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਬਲਾਂ ਨੇ ਸਥਾਨਕ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅਫਵਾਹਾਂ ਤੋਂ ਬਚਣ ਲਈ ਇਲਾਕੇ ਵਿੱਚ ਮੋਬਾਈਲ ਨੈੱਟਵਰਕ 'ਤੇ ਅੰਸ਼ਕ ਪਾਬੰਦੀ ਲਗਾਈ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੀ ਜਾ ਰਹੀ ਹੈ।