ਅੱਜ ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਸੁਆਮੀ ਜੀ ਦਾ ਜਨਮ ਦਿਨ ਹੈ, ਜਿਸਨੂੰ ਦੁਨੀਆ ਭਰ ਵਿੱਚ ਜੈਨ ਸਮਾਜ ਵੱਡੇ ਭਗਤੀ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਇਹ ਦਿਨ ਜੈਨ ਧਰਮ ਦੇ ਪੈਰੋਕਾਰਾਂ ਲਈ ਬਹੁਤ ਪਵਿੱਤਰ ਅਤੇ ਵਿਸ਼ੇਸ਼ ਮਹੱਤਵ ਰੱਖਦਾ ਹੈ।
ਸ਼ੇਅਰ ਬਾਜ਼ਾਰ ਵਿੱਚ ਛੁੱਟੀ: ਮਹਾਵੀਰ ਜਯੰਤੀ ਦੇ ਪਾਵਨ ਅਵਸਰ ਤੇ ਅੱਜ ਯਾਨੀ ਕਿ ਵੀਰਵਾਰ, 10 ਅਪ੍ਰੈਲ ਨੂੰ ਦੇਸ਼ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਛੁੱਟੀ ਐਲਾਨੀ ਗਈ ਹੈ। ਭਾਰਤੀ ਸ਼ੇਅਰ ਬਾਜ਼ਾਰ ਦੇ ਦੋਨੋਂ ਮੁੱਖ ਐਕਸਚੇਂਜ ਬੰਬੇ ਸਟਾਕ ਐਕਸਚੇਂਜ (BSE) ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) - ਅੱਜ ਕਾਰੋਬਾਰ ਲਈ ਬੰਦ ਰਹਿਣਗੇ। ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਜੀ ਦੀ ਜਯੰਤੀ ਤੇ ਹਰ ਸਾਲ ਇਸ ਦਿਨ ਦੇਸ਼ ਭਰ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਇਸਨੂੰ ਜਨਤਕ ਛੁੱਟੀ ਵਜੋਂ ਮਨਾਇਆ ਜਾਂਦਾ ਹੈ।
ਸ਼ੁੱਕਰਵਾਰ ਨੂੰ ਖੁੱਲ੍ਹੇਗਾ ਬਾਜ਼ਾਰ
ਅੱਜ ਦੀ ਛੁੱਟੀ ਤੋਂ ਬਾਅਦ ਬਾਜ਼ਾਰ ਸ਼ੁੱਕਰਵਾਰ, 11 ਅਪ੍ਰੈਲ ਨੂੰ ਆਮ ਸਮੇਂ ਤੇ ਖੁੱਲ੍ਹੇਗਾ। ਹਾਲਾਂਕਿ, ਇਸ ਤੋਂ ਬਾਅਦ ਵੀਕੈਂਡ ਦੇ ਕਾਰਨ ਨਿਵੇਸ਼ਕਾਂ ਨੂੰ ਦੋ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ 12 ਅਪ੍ਰੈਲ ਸ਼ਨਿਚਰਵਾਰ ਅਤੇ 13 ਅਪ੍ਰੈਲ ਐਤਵਾਰ ਹੈ, ਇਸ ਲਈ ਫਿਰ ਬਾਜ਼ਾਰ ਬੰਦ ਰਹੇਗਾ। ਯਾਨੀ ਕਿ ਇਸ ਹਫ਼ਤੇ ਸਿਰਫ਼ ਸ਼ੁੱਕਰਵਾਰ ਨੂੰ ਹੀ ਬਾਜ਼ਾਰ ਵਿੱਚ ਟਰੇਡਿੰਗ ਹੋਵੇਗੀ।
ਬੁੱਧਵਾਰ ਨੂੰ ਗਿਰਾਵਟ ਨਾਲ ਬੰਦ ਹੋਏ ਭਾਰਤੀ ਬਾਜ਼ਾਰ
ਬੁੱਧਵਾਰ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਨਿਵੇਸ਼ਕਾਂ ਨੂੰ ਨਿਰਾਸ਼ਾ ਹਾਸਲ ਹੋਈ। ਪੂਰੇ ਦਿਨ ਦੇ ਉਤਾਰ-ਚੜਾਅ ਤੋਂ ਬਾਅਦ BSE ਸੈਂਸੈਕਸ 379.93 ਪੁਆਇੰਟ ਦੀ ਗਿਰਾਵਟ ਨਾਲ 73,847.15 'ਤੇ ਬੰਦ ਹੋਇਆ। ਜਦੋਂ ਕਿ NSE ਦਾ ਨਿਫਟੀ 136.70 ਪੁਆਇੰਟ ਦੀ ਗਿਰਾਵਟ ਨਾਲ 22,399.15 'ਤੇ ਬੰਦ ਹੋਇਆ। ਇਹ ਲਗਾਤਾਰ ਤੀਸਰਾ ਦਿਨ ਸੀ ਜਦੋਂ ਬਾਜ਼ਾਰ ਲਾਲ ਨਿਸ਼ਾਨ ਵਿੱਚ ਬੰਦ ਹੋਇਆ।
ਅਮਰੀਕੀ ਬਾਜ਼ਾਰਾਂ ਵਿੱਚ ਜ਼ਬਰਦਸਤ ਤੇਜ਼ੀ ਦਿਖਾਈ ਦਿੱਤੀ
ਦੂਜੇ ਪਾਸੇ, ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਬੁੱਧਵਾਰ ਨੂੰ ਇਤਿਹਾਸਕ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਨਾਲ ਜੁੜੀਆਂ ਸਖ਼ਤ ਨੀਤੀਆਂ ਵਿੱਚ ਛੋਟ ਅਤੇ 90 ਦਿਨਾਂ ਦੀ ਰਾਹਤ ਦੇਣ ਦੇ ਐਲਾਨ ਕਾਰਨ ਬਾਜ਼ਾਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਡਾਊ ਜੋਨਸ 2403 ਪੁਆਇੰਟ ਯਾਨੀ 6.38% ਦੀ ਵੱਡੀ ਛਾਲ ਮਾਰ ਕੇ 40,048.59 'ਤੇ ਬੰਦ ਹੋਇਆ। S&P 500 ਵਿੱਚ 9.5% ਦੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਨੈਸਡੈਕ ਵਿੱਚ 12.16% ਦੀ ਛਾਲ ਮਾਰ ਕੇ ਇਹ 17,124.97 'ਤੇ ਬੰਦ ਹੋਇਆ।