ਅਮਰੀਕਾ ਵੱਲੋਂ ਈਰਾਨ 'ਤੇ ਹਮਲੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਦੋਨਾਂ ਆਗੂਆਂ ਨੇ ਖੇਤਰੀ ਸ਼ਾਂਤੀ, ਤਣਾਅ ਘਟਾਉਣ ਅਤੇ ਕੂਟਨੀਤੀ ਦੇ ਰਾਹ 'ਤੇ ਚਰਚਾ ਕੀਤੀ।
ਪੀਐਮ ਮੋਦੀ: ਅਮਰੀਕਾ ਵੱਲੋਂ ਈਰਾਨ 'ਤੇ ਹਮਲੇ ਮਗਰੋਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੈਜੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਨਾਂ ਆਗੂਆਂ ਵਿਚਾਲੇ ਇਹ ਗੱਲਬਾਤ ਇਸ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ ਈਰਾਨ ਦੇ ਤਿੰਨ ਮੁੱਖ ਪਰਮਾਣੂ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਹਮਲੇ ਮਗਰੋਂ ਪੱਛਮੀ ਏਸ਼ੀਆ ਵਿੱਚ ਤਣਾਅ ਹੋਰ ਵੱਧ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲਬਾਤ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੋਨਾਂ ਆਗੂਆਂ ਨੇ ਮੌਜੂਦਾ ਸਥਿਤੀ 'ਤੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਹਾਲੀਆ ਘਟਨਾਕ੍ਰਮਾਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਦਾ ਸ਼ਾਂਤੀ ਅਤੇ ਕੂਟਨੀਤੀ 'ਤੇ ਜ਼ੋਰ
ਪੀਐਮ ਮੋਦੀ ਨੇ ਕਿਹਾ ਕਿ ਇਸ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਾਹ ਅਪਣਾਉਣਾ ਹੀ ਸਭ ਤੋਂ ਵਧੀਆ ਵਿਕਲਪ ਹੈ। ਉਨ੍ਹਾਂ ਨੇ ਤਣਾਅ ਨੂੰ ਤੁਰੰਤ ਘਟਾਉਣ ਅਤੇ ਸਾਰੇ ਧਿਰਾਂ ਤੋਂ ਸੰਜਮ ਵਰਤਣ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਖੇਤਰੀ ਸਥਿਰਤਾ ਅਤੇ ਵਿਸ਼ਵ ਸ਼ਾਂਤੀ ਦੇ ਹੱਕ ਵਿੱਚ ਰਿਹਾ ਹੈ।
ਉਨ੍ਹਾਂ ਮੁਤਾਬਕ, “ਅਸੀਂ ਹਾਲਾਤ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਮੈਂ ਦੁਬਾਰਾ ਕਿਹਾ ਹੈ ਕਿ ਹੁਣ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਹੱਲ ਕੱਢਿਆ ਜਾਣਾ ਚਾਹੀਦਾ ਹੈ। ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣਾ ਸਾਰਿਆਂ ਦੀ ਤਰਜੀਹ ਹੋਣੀ ਚਾਹੀਦੀ ਹੈ।”
ਪੱਛਮੀ ਏਸ਼ੀਆ ਵਿੱਚ ਵੱਧਦਾ ਤਣਾਅ
ਬੀਤੇ ਕੁਝ ਹਫ਼ਤਿਆਂ ਤੋਂ ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਮਾਹੌਲ ਹੈ। ਦੋਨਾਂ ਦੇਸ਼ਾਂ ਵਿਚਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਹੋ ਚੁੱਕੇ ਹਨ। ਇਸੇ ਦੌਰਾਨ ਅਮਰੀਕਾ ਨੇ ਐਤਵਾਰ ਤੜਕੇ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਅਮਰੀਕਾ ਨੇ ਖੁੱਲ੍ਹ ਕੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ।
ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਉਹ ਈਰਾਨ ਦੇ ਖਿਲਾਫ਼ ਜੰਗ ਵਿੱਚ ਇਜ਼ਰਾਈਲ ਦਾ ਸਾਥ ਦੇ ਸਕਦੇ ਹਨ। ਪਰ ਸਿਰਫ਼ ਦੋ ਦਿਨਾਂ ਬਾਅਦ ਹੀ ਅਮਰੀਕਾ ਨੇ ਈਰਾਨ 'ਤੇ ਸਿੱਧਾ ਹਮਲਾ ਕਰ ਦਿੱਤਾ।
ਈਰਾਨ ਦੀ ਤਿੱਖੀ ਪ੍ਰਤੀਕ੍ਰਿਆ
ਅਮਰੀਕਾ ਦੇ ਹਮਲੇ ਮਗਰੋਂ ਈਰਾਨ ਨੇ ਇਸਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਕੂਟਨੀਤਿਕ ਪ੍ਰਕਿਰਿਆ ਦੀ ਉਲੰਘਣਾ ਕਰਾਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨੇ ਇਹ ਹਮਲਾ ਉਸ ਸਮੇਂ ਕੀਤਾ ਹੈ ਜਦੋਂ ਕੂਟਨੀਤਿਕ ਹੱਲ ਦੀ ਸੰਭਾਵਨਾ ਬਣੀ ਹੋਈ ਸੀ।
ਮੰਤਰਾਲੇ ਨੇ ਕਿਹਾ, “ਅਮਰੀਕਾ ਨੇ ਇਜ਼ਰਾਈਲ ਵਰਗੇ ਨਰਸੰਹਾਰੀ ਅਤੇ ਕਾਨੂੰਨਹੀਣ ਸ਼ਾਸਨ ਦਾ ਸਮਰਥਨ ਕਰਦਿਆਂ ਕੂਟਨੀਤੀ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਹਮਲੇ ਰਾਹੀਂ ਅਮਰੀਕਾ ਨੇ ਈਰਾਨ ਦੇ ਖਿਲਾਫ਼ ਇੱਕ ਖ਼ਤਰਨਾਕ ਜੰਗ ਦੀ ਸ਼ੁਰੂਆਤ ਕਰ ਦਿੱਤੀ ਹੈ।” ਈਰਾਨ ਨੇ ਕਿਹਾ ਕਿ ਉਸਨੂੰ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਹ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹੈ। ਈਰਾਨ ਨੇ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਪੱਛਮੀ ਏਸ਼ੀਆ ਨੂੰ ਅਸਥਿਰ ਕਰਨ ਦਾ ਕੰਮ ਕਰ ਰਿਹਾ ਹੈ।
```