OpenAI ਆਪਣੇ ਪਹਿਲੇ AI-ਕੇਂਦਰਿਤ ਸਮਾਰਟਫੋਨ ਪ੍ਰੋਜੈਕਟ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। TF International Securities ਦੇ ਵਿਸ਼ਲੇਸ਼ਕ Ming-Chi Kuo ਮੁਤਾਬਕ, ਕੰਪਨੀ ਇਸ ਡਿਵਾਈਸ ਦਾ ਮਾਸ ਪ੍ਰੋਡਕਸ਼ਨ 2027 ਤੱਕ ਇੰਤਜ਼ਾਰ ਕੀਤੇ ਬਿਨਾਂ ਅਗਲੇ ਸਾਲ ਦੀ ਪਹਿਲੀ ਛਿਮਾਹੀ ਵਿੱਚ ਸ਼ੁਰੂ ਕਰ ਸਕਦੀ ਹੈ। AI ਏਜੰਟ ਫੋਨ ਮਾਰਕੀਟ ਵਿੱਚ ਵੱਧ ਰਹੀ ਮੁਕਾਬਲੇਬਾਜ਼ੀ ਅਤੇ OpenAI ਦੇ ਸੰਭਾਵਿਤ IPO ਨੂੰ ਇਸ ਪ੍ਰੋਜੈਕਟ ਦੀ ਟਾਈਮਲਾਈਨ ਤੇਜ਼ ਕਰਨ ਵਾਲੇ ਕਾਰਕ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ Kuo ਨੇ ਦਾਅਵਾ ਕੀਤਾ ਸੀ ਕਿ OpenAI ਫੋਨ ਦਾ ਪ੍ਰੋਡਕਸ਼ਨ 2028 ਦੇ ਆਸਪਾਸ ਸ਼ੁਰੂ ਹੋਵੇਗਾ, ਪਰ ਨਵੀਂ ਜਾਣਕਾਰੀ ਇਸ ਤੋਂ ਕਾਫ਼ੀ ਪਹਿਲਾਂ ਲਾਂਚ ਹੋਣ ਵੱਲ ਇਸ਼ਾਰਾ ਕਰਦੀ ਹੈ। ਹਾਲਾਂਕਿ, OpenAI ਨੇ ਅਜੇ ਤੱਕ ਕਿਸੇ ਸਮਾਰਟਫੋਨ ਪ੍ਰੋਜੈਕਟ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ। ਇਸ ਲਈ ਮੌਜੂਦਾ ਜਾਣਕਾਰੀ ਨੂੰ ਲੀਕ ਅਤੇ ਸਪਲਾਈ ਚੇਨ ਅਧਾਰਿਤ ਰਿਪੋਰਟਾਂ ਵਜੋਂ ਹੀ ਦੇਖਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ, OpenAI ਦਾ ਪਹਿਲਾ ਸਮਾਰਟਫੋਨ MediaTek ਦੇ ਕਸਟਮਾਈਜ਼ਡ Dimensity 9600 ਚਿਪਸੈੱਟ 'ਤੇ ਚੱਲ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਸੈਸਰ TSMC ਦੇ N2P ਪ੍ਰੋਸੈਸ 'ਤੇ ਤਿਆਰ ਕੀਤਾ ਜਾਵੇਗਾ, ਜਿਸਨੂੰ 2026 ਦੀ ਦੂਜੀ ਛਿਮਾਹੀ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਾਲ ਸੰਕੇਤ ਮਿਲਦਾ ਹੈ ਕਿ ਕੰਪਨੀ ਡਿਵਾਈਸ ਨੂੰ ਪੂਰੀ ਤਰ੍ਹਾਂ AI-ਕੇਂਦਰਿਤ ਬਣਾਉਣ ਦੀ ਤਿਆਰੀ ਕਰ ਰਹੀ ਹੈ।
Kuo ਦੇ ਅਨੁਸਾਰ, ਇਸ ਚਿਪ ਵਿੱਚ ਅਪਗ੍ਰੇਡ ਕੀਤੀ HDR ਪਾਈਪਲਾਈਨ ਨਾਲ ਨਵਾਂ ISP ਸ਼ਾਮਲ ਹੋ ਸਕਦਾ ਹੈ, ਜਿਸ ਨਾਲ ਕੈਮਰਾ ਪ੍ਰੋਸੈਸਿੰਗ ਸਮਰੱਥਾ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ, ਡੁਅਲ-NPU ਆਰਕੀਟੈਕਚਰ, LPDDR6 RAM ਅਤੇ UFS 5.0 ਸਟੋਰੇਜ ਵਰਗੀਆਂ ਉੱਚ ਪੱਧਰੀ ਤਕਨੀਕਾਂ ਵੀ ਮਿਲ ਸਕਦੀਆਂ ਹਨ। ਸੁਰੱਖਿਆ ਲਈ pKVM ਅਤੇ inline hashing ਵਰਗੇ ਫੀਚਰ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ।
ਜੇ OpenAI ਸਮਾਰਟਫੋਨ ਮਾਰਕੀਟ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਸਿੱਧਾ ਮੁਕਾਬਲਾ Apple, Samsung Electronics ਅਤੇ Google ਵਰਗੀਆਂ ਕੰਪਨੀਆਂ ਨਾਲ ਹੋ ਸਕਦਾ ਹੈ, ਜੋ ਪਹਿਲਾਂ ਹੀ AI ਫੀਚਰਾਂ 'ਤੇ ਆਪਣਾ ਧਿਆਨ ਵਧਾ ਰਹੀਆਂ ਹਨ। AI ਏਜੰਟ ਅਧਾਰਿਤ ਸਮਾਰਟਫੋਨ ਨੂੰ ਭਵਿੱਖ ਦੀ ਇੱਕ ਮਹੱਤਵਪੂਰਨ ਟੈਕਨੋਲੋਜੀ ਸ਼੍ਰੇਣੀ ਮੰਨਿਆ ਜਾ ਰਿਹਾ ਹੈ, ਜਿੱਥੇ ਯੂਜ਼ਰ ਇੰਟਰੈਕਸ਼ਨ ਰਵਾਇਤੀ ਐਪਸ ਤੋਂ ਅੱਗੇ ਵਧ ਕੇ AI ਅਸਿਸਟੈਂਟ 'ਤੇ ਆਧਾਰਿਤ ਹੋ ਸਕਦਾ ਹੈ।
ਵਿਸ਼ਲੇਸ਼ਕਾਂ ਦੇ ਅਨੁਮਾਨ ਮੁਤਾਬਕ, ਜੇ ਡਿਵੈਲਪਮੈਂਟ ਤੈਅ ਯੋਜਨਾ ਅਨੁਸਾਰ ਅੱਗੇ ਵਧਦੀ ਹੈ ਤਾਂ 2027 ਤੋਂ 2028 ਦੇ ਵਿਚਕਾਰ OpenAI ਫੋਨ ਦੀ ਕੁੱਲ ਸ਼ਿਪਮੈਂਟ 3 ਕਰੋੜ ਯੂਨਿਟ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋਂ ਅਧਿਕਾਰਕ ਐਲਾਨ ਹੋਣ ਤੱਕ ਇਨ੍ਹਾਂ ਦਾਵਿਆਂ ਦੀ ਪੂਰੀ ਪੁਸ਼ਟੀ ਨਹੀਂ ਮੰਨੀ ਜਾ ਸਕਦੀ।








