ਪਾਕਿਸਤਾਨ ਨੇ ਟੀ20 ਵਿਸ਼ਵ ਕੱਪ 2026 ਵਿੱਚ ਭਾਰਤ ਖ਼ਿਲਾਫ਼ ਮੈਚ ਨਾ ਖੇਡਣ ਦਾ ਫ਼ੈਸਲਾ ਬਰਕਰਾਰ ਰੱਖਿਆ

ਪਾਕਿਸਤਾਨ ਨੇ ਟੀ20 ਵਿਸ਼ਵ ਕੱਪ 2026 ਵਿੱਚ ਭਾਰਤ ਖ਼ਿਲਾਫ਼ ਮੈਚ ਨਾ ਖੇਡਣ ਦਾ ਫ਼ੈਸਲਾ ਬਰਕਰਾਰ ਰੱਖਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਦੀ ਸੀਨੀਅਰ ਮੇਂਸ ਰਾਸ਼ਟਰੀ ਕ੍ਰਿਕਟ ਟੀਮ ਆਈਸੀਸੀ ਮੇਂਸ ਟੀ20 ਵਿਸ਼ਵ ਕੱਪ 2026 ਵਿੱਚ ਭਾਰਤ ਖ਼ਿਲਾਫ਼ ਕੋਈ ਵੀ ਮੈਚ ਨਹੀਂ ਖੇਡੇਗੀ। ਇਸ ਸੰਬੰਧੀ ਜਾਣਕਾਰੀ ਪਾਕਿਸਤਾਨੀ ਅਖ਼ਬਾਰ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ।

ਆਈਸੀਸੀ ਮੇਂਸ ਟੀ20 ਵਿਸ਼ਵ ਕੱਪ 2026 ਦਾ ਆਯੋਜਨ 7 ਫ਼ਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਹੇਠ ਹੋਣਾ ਤੈਅ ਹੈ। ਗਰੁੱਪ ਚਰਨ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ 15 ਫ਼ਰਵਰੀ 2026 ਨੂੰ ਕੋਲੰਬੋ ਸਥਿਤ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਮੈਚ ਨਿਧਾਰਤ ਕੀਤਾ ਗਿਆ ਸੀ। ਹਾਲਾਂਕਿ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਇਹ ਮੈਚ ਅਨਿਸ਼ਚਿਤ ਹੋ ਗਿਆ ਹੈ।

ਇਸਲਾਮਾਬਾਦ ਵਿੱਚ ਫੈਡਰਲ ਕੈਬਿਨੇਟ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਮੈਚ ਨਾ ਖੇਡਣ ਬਾਰੇ ਸਪੱਸ਼ਟ ਨੀਤੀ ਅਪਣਾਈ ਹੈ ਅਤੇ ਸਰਕਾਰ ਆਪਣੇ ਰੁਖ਼ ’ਤੇ ਕਾਇਮ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਦੇ ਬਿਆਨ ਨਾਲ ਇਹ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਸਰਕਾਰ ਦੋਵੇਂ ਇਸ ਮਾਮਲੇ ’ਤੇ ਇੱਕੋ ਮਤ ਰੱਖਦੇ ਹਨ।

ਪਾਕਿਸਤਾਨ ਨੇ ਇਸ ਫ਼ੈਸਲੇ ਦੇ ਪਿੱਛੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਉੱਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਖ਼ਾਸ ਤੌਰ ’ਤੇ ਬੰਗਲਾਦੇਸ਼ ਨੂੰ ਟੀ20 ਵਿਸ਼ਵ ਕੱਪ 2026 ਤੋਂ ਬਾਹਰ ਕਰਨ ਨੂੰ ਲੈ ਕੇ ਪਾਕਿਸਤਾਨ ਨੇ ਐਤਰਾਜ਼ ਜਤਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਜਦੋਂ ਸੁਰੱਖਿਆ ਕਾਰਨਾਂ ਕਰਕੇ ਬੰਗਲਾਦੇਸ਼ ਸਰਕਾਰ ਨੇ ਆਪਣੀ ਟੀਮ ਨੂੰ ਭਾਰਤ ਭੇਜਣ ਤੋਂ ਇਨਕਾਰ ਕੀਤਾ ਸੀ, ਤਦ ਆਈਸੀਸੀ ਨੇ ਉਨ੍ਹਾਂ ਦੇ ਮੈਚ ਸ਼੍ਰੀਲੰਕਾ ਵਿੱਚ ਕਰਵਾਉਣ ਦੀ ਮੰਗ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ।

ਭਾਰਤ ਖ਼ਿਲਾਫ਼ ਮੈਚ ਦੇ ਬਹਿਸਕਾਰ ਤੋਂ ਬਾਅਦ ਆਈਸੀਸੀ ਨੇ ਪਾਕਿਸਤਾਨ ਨੂੰ ਚੇਤਾਵਨੀ ਵੀ ਦਿੱਤੀ ਹੈ। ਕੌਂਸਲ ਨੇ ਕਿਹਾ ਹੈ ਕਿ ਕਿਸੇ ਵਿਸ਼ਵ ਟੂਰਨਾਮੈਂਟ ਵਿੱਚ ਚੁਣਿੰਦੇ ਮੈਚ ਖੇਡਣ ਤੋਂ ਇਨਕਾਰ ਕਰਨਾ ਨਿਆਂਪੂਰਨਤਾ, ਇਮਾਨਦਾਰੀ ਅਤੇ ਮੁਕਾਬਲੇ ਦੇ ਸੰਤੁਲਨ ਦੇ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਇਸ ਨਾਲ ਭਵਿੱਖ ਵਿੱਚ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।

ਇਸ ਦੇ ਬਾਵਜੂਦ ਪਾਕਿਸਤਾਨ ਆਪਣੇ ਫ਼ੈਸਲੇ ਤੋਂ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਦਿੱਸ ਰਿਹਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਮੌਜੂਦਾ ਗ੍ਰਹਿ ਮੰਤਰੀ ਮੋਹਸਿਨ ਨਕਵੀ ਪਹਿਲਾਂ ਹੀ ਆਈਸੀਸੀ ਦੇ ਫ਼ੈਸਲਿਆਂ ’ਤੇ ਸਰਵਜਨਿਕ ਤੌਰ ’ਤੇ ਨਾਰਾਜ਼ਗੀ ਜਤਾ ਚੁੱਕੇ ਹਨ। ਜੇਕਰ ਦੋਵੇਂ ਟੀਮਾਂ ਅੱਗੇ ਵਧਦੀਆਂ ਹਨ ਤਾਂ ਫਾਈਨਲ ਵਿੱਚ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਹੋ ਸਕਦਾ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਇਸ ਬਾਰੇ ਪਾਕਿਸਤਾਨ ਦਾ ਰੁਖ਼ ਸਪੱਸ਼ਟ ਨਹੀਂ ਹੈ।

Leave a comment