ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ। 50.4% ਵੋਟਾਂ ਨਾਲ ਮਮਦਾਨੀ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਅਤੇ ਪਹਿਲੇ ਮੁਸਲਿਮ ਤੇ ਦੱਖਣੀ ਏਸ਼ੀਆਈ ਪ੍ਰਵਾਸੀ ਹਨ। ਉਨ੍ਹਾਂ ਨੇ ਆਰਥਿਕ ਅਸਮਾਨਤਾ ਅਤੇ ਜੀਵਨ-ਨਿਰਬਾਹ ਦੇ ਮੁੱਦਿਆਂ ਨੂੰ ਚੋਣ ਪ੍ਰਾਥਮਿਕਤਾ ਬਣਾਇਆ।
ਅਮਰੀਕਾ: ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਮੰਗਲਵਾਰ ਰਾਤ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਭਾਰਤੀ ਮੂਲ ਦੇ ਮਮਦਾਨੀ ਇਸ ਅਹੁਦੇ ਨੂੰ ਸੰਭਾਲਣ ਵਾਲੇ ਸਭ ਤੋਂ ਘੱਟ ਉਮਰ ਦੇ ਮੇਅਰ ਹਨ ਅਤੇ ਨਾਲ ਹੀ ਪਹਿਲੇ ਮੁਸਲਿਮ ਤੇ ਦੱਖਣੀ ਏਸ਼ੀਆਈ ਪ੍ਰਵਾਸੀ ਵੀ ਹਨ। ਉਨ੍ਹਾਂ ਨੇ ਡੈਮੋਕਰੇਟਿਕ ਵਿਰੋਧੀ ਐਂਡਰਿਊ ਕੁਓਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਿਲਵਾ ਨੂੰ ਹਰਾ ਕੇ 50.4 ਪ੍ਰਤੀਸ਼ਤ ਵੋਟ ਹਾਸਲ ਕੀਤੇ।
ਜਿੱਤ ਵਾਲੀ ਸਪੀਚ ਵਿੱਚ ਨਹਿਰੂ ਦੇ ਸ਼ਬਦਾਂ ਦਾ ਜ਼ਿਕਰ
ਮਮਦਾਨੀ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦਿਆਂ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 1947 ਦੇ ਮਸ਼ਹੂਰ ਭਾਸ਼ਣ 'Tryst With Destiny' ਦਾ ਹਵਾਲਾ ਦਿੰਦਿਆਂ ਕਿਹਾ, "ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦ ਯਾਦ ਆ ਰਹੇ ਹਨ। ਇਤਿਹਾਸ ਵਿੱਚ ਅਜਿਹੇ ਪਲ ਬਹੁਤ ਘੱਟ ਆਉਂਦੇ ਹਨ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ, ਜਦੋਂ ਇੱਕ ਯੁੱਗ ਦਾ ਅੰਤ ਹੁੰਦਾ ਹੈ ਅਤੇ ਲੰਬੇ ਸਮੇਂ ਤੋਂ ਦੱਬੀ ਹੋਈ ਰਾਸ਼ਟਰ ਦੀ ਆਤਮਾ ਨੂੰ ਪ੍ਰਗਟਾਵਾ ਮਿਲਦਾ ਹੈ।"

ਅੱਜ ਰਾਤ, ਨਿਊਯਾਰਕ ਨੇ ਬਿਲਕੁਲ ਇਹੀ ਕੀਤਾ ਹੈ। ਇਹ ਨਵਾਂ ਯੁੱਗ ਸਪੱਸ਼ਟਤਾ, ਹਿੰਮਤ ਅਤੇ ਦੂਰਅੰਦੇਸ਼ੀ ਦੀ ਮੰਗ ਕਰਦਾ ਹੈ, ਕਿਸੇ ਬਹਾਨੇ ਦੀ ਨਹੀਂ।"
ਆਰਥਿਕ ਮੁੱਦਿਆਂ 'ਤੇ ਮਮਦਾਨੀ ਦੇ ਵਾਅਦੇ
ਮਮਦਾਨੀ ਨੇ ਚੋਣਾਂ ਵਿੱਚ ਆਰਥਿਕ ਅਸਮਾਨਤਾ ਅਤੇ ਜੀਵਨ-ਨਿਰਬਾਹ ਦੀ ਲਾਗਤ ਨੂੰ ਮੁੱਖ ਮੁੱਦਾ ਬਣਾਇਆ। ਉਨ੍ਹਾਂ ਨੇ ਸਥਿਰ ਕਿਰਾਏ 'ਤੇ ਘਰਾਂ ਵਿੱਚ ਰਹਿਣ ਵਾਲਿਆਂ ਲਈ ਕਿਰਾਏ 'ਤੇ ਰੋਕ ਲਗਾਉਣ, ਕਿਫਾਇਤੀ ਰਿਹਾਇਸ਼ੀ ਉਸਾਰੀ, ਮੁਫ਼ਤ ਅਤੇ ਤੇਜ਼ ਬੱਸ ਸੇਵਾ, ਮੁਫ਼ਤ ਚਾਈਲਡਕੇਅਰ ਅਤੇ ਸ਼ਹਿਰ ਦੀ ਮਲਕੀਅਤ ਵਾਲੀਆਂ ਕਰਿਆਨੇ ਦੀਆਂ ਦੁਕਾਨਾਂ ਸਥਾਪਤ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ, ਅਮੀਰਾਂ 'ਤੇ ਟੈਕਸ ਵਧਾਉਣ ਦਾ ਪ੍ਰਸਤਾਵ ਵੀ ਉਨ੍ਹਾਂ ਨੇ ਪੇਸ਼ ਕੀਤਾ।
ਸਮਾਜਿਕ ਮੁੱਦਿਆਂ 'ਤੇ ਠੋਸ ਦ੍ਰਿਸ਼ਟੀਕੋਣ
ਮਮਦਾਨੀ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰ ਵਿੱਚ ਜੀਵਨ ਦੀ ਲਾਗਤ ਨੂੰ ਸੰਤੁਲਿਤ ਕਰਨਾ ਅਤੇ ਨਾਗਰਿਕਾਂ ਲਈ ਬਿਹਤਰ ਸਹੂਲਤਾਂ ਉਪਲਬਧ ਕਰਵਾਉਣਾ ਹੈ। ਮਮਦਾਨੀ ਦੀ ਸਪੀਚ ਖ਼ਤਮ ਹੋਣ ਦੇ ਤੁਰੰਤ ਬਾਅਦ ਬਾਲੀਵੁੱਡ ਫ਼ਿਲਮ 'ਧੂਮ ਮਚਾਲੇ' ਦਾ ਟਾਈਟਲ ਮਿਊਜ਼ਿਕ ਵਜਾਇਆ ਗਿਆ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ।













