ਆਮ ਆਦਮੀ ਪਾਰਟੀ (AAP) ਦੀ ਆਗੂ ਆਤਿਸ਼ੀ ਨੇ ਇੱਕ ਵਾਰ ਫਿਰ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਦਿੱਲੀ ਦੇ ਮਿਡਲ ਕਲਾਸ ਨਾਲ ਜੁੜੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ। ਆਤਿਸ਼ੀ ਨੇ ਕਿਹਾ ਕਿ, ਭਾਜਪਾ ਸਰਕਾਰ ਨੇ ਬੀਤੇ 6 ਮਹੀਨਿਆਂ ਵਿੱਚ ਦਿੱਲੀ ਦੀ ਆਮ ਜਨਤਾ, ਖਾਸ ਕਰਕੇ ਮਿਡਲ ਕਲਾਸ ਨੂੰ ਪਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।
ਨਵੀਂ ਦਿੱਲੀ: ਦਿੱਲੀ ਵਿੱਚ ਪੁਰਾਣੀਆਂ ਗੱਡੀਆਂ 'ਤੇ ਲੱਗੀ ਪਾਬੰਦੀ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ (AAP) ਦੀ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਮਾਰਲੇਨਾ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ (BJP) 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮਿਡਲ ਕਲਾਸ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ — ਪਹਿਲਾਂ ਬਿਜਲੀ, ਫਿਰ ਪਾਣੀ ਅਤੇ ਹੁਣ ਗੱਡੀਆਂ ਨੂੰ ਲੈ ਕੇ ਤੁਗਲਕੀ ਫਰਮਾਨ ਸੁਣਾ ਦਿੱਤਾ ਗਿਆ ਹੈ।
ਗੱਡੀਆਂ ਦੇ ਮੁੱਦੇ 'ਤੇ 'ਫਰਜ਼ੀਵਾੜਾ' ਦਾ ਦੋਸ਼
ਆਤਿਸ਼ੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਭਾਜਪਾ ਨੇ 10 ਸਾਲ ਪੁਰਾਣੀਆਂ ਡੀਜ਼ਲ ਅਤੇ 15 ਸਾਲ ਪੁਰਾਣੀਆਂ ਪੈਟਰੋਲ/CNG ਗੱਡੀਆਂ ਨੂੰ ਬੈਨ ਕਰਨ ਦਾ ਫੈਸਲਾ ਬਿਨਾਂ ਸੋਚੇ-ਸਮਝੇ ਕੀਤਾ। ਇਸ ਵਿੱਚ ਗੱਡੀਆਂ ਦੀ ਅਸਲ ਹਾਲਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਜਨਤਾ ਨੇ ਵਿਰੋਧ ਕੀਤਾ, ਤਾਂ ਦਿੱਲੀ ਭਾਜਪਾ ਨੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਇੱਕ ਪੱਤਰ ਲਿਖ ਦਿੱਤਾ — ਜੋ ਉਨ੍ਹਾਂ ਮੁਤਾਬਕ "ਇੱਕ ਫਰਜ਼ੀਵਾੜਾ ਸੀ। ਹੁਣ ਭਾਜਪਾ ਕਹਿ ਰਹੀ ਹੈ ਕਿ ਉਹ ਸੁਪਰੀਮ ਕੋਰਟ ਜਾਣਗੇ, ਪਰ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਕੇਸ ਉੱਥੇ ਹੀ ਖਾਰਜ ਹੋ ਜਾਵੇਗਾ ਅਤੇ ਫਿਰ ਉਹ ਕਹਿਣਗੇ ਕਿ “ਕੋਰਟ ਦਾ ਆਦੇਸ਼ ਸੀ।"
ਮੰਗ: ਲਿਆਓ ਕਾਨੂੰਨ, ਵਿਰੋਧੀ ਧਿਰ ਦੇਵੇਗੀ ਸਾਥ
ਆਤਿਸ਼ੀ ਨੇ ਭਾਜਪਾ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁੱਦੇ 'ਤੇ ਇੱਕ ਸਪੱਸ਼ਟ ਕਾਨੂੰਨ ਜਾਂ ਆਰਡੀਨੈਂਸ ਲੈ ਕੇ ਆਏ, ਜਿਸ ਨਾਲ ਜਨਤਾ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਸ 'ਤੇ ਕਾਨੂੰਨ ਲਿਆਉਂਦੀ ਹੈ, ਤਾਂ ਵਿਰੋਧੀ ਧਿਰ ਵੀ ਸਹਿਯੋਗ ਕਰੇਗੀ, ਪਰ ਇਹ ਝੂਠੇ ਵਾਅਦੇ ਅਤੇ ਡਰਾਮੇਬਾਜ਼ੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਹੁਣ ਤੱਕ ਨੀਤੀਆਂ ਨੂੰ ਲੈ ਕੇ ਗੰਭੀਰ ਨਹੀਂ ਰਹੀ ਹੈ ਅਤੇ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਪ੍ਰਕਿਰਿਆ ਨੂੰ ‘ਤੁਗਲਕੀ ਫਰਮਾਨ’ ਵਾਂਗ ਲਾਗੂ ਕਰ ਰਹੀ ਹੈ।
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ 1 ਜੁਲਾਈ 2025 ਤੋਂ 10 ਸਾਲ ਪੁਰਾਣੀਆਂ ਡੀਜ਼ਲ ਅਤੇ 15 ਸਾਲ ਪੁਰਾਣੀਆਂ ਪੈਟਰੋਲ/CNG ਗੱਡੀਆਂ ਨੂੰ ਪੈਟਰੋਲ ਪੰਪਾਂ 'ਤੇ ਈਂਧਨ ਨਾ ਦੇਣ ਦੀ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਨੀਤੀ ਦਾ ਉਦੇਸ਼ ਰਾਜਧਾਨੀ ਵਿੱਚ ਤੇਜ਼ੀ ਨਾਲ ਵੱਧ ਰਹੇ 55 ਤੋਂ 62 ਲੱਖ ਪੁਰਾਣੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨਾ ਸੀ। ਪਰ ਤਕਨੀਕੀ ਰੁਕਾਵਟਾਂ, ਜਿਵੇਂ ਕਿ ANPR ਕੈਮਰਿਆਂ ਦੀ ਖਰਾਬੀ ਅਤੇ ਰੀਅਲ ਟਾਈਮ ਡਾਟਾ ਸਿੰਕ ਦੀ ਘਾਟ ਕਾਰਨ, ਇਸ ਨੂੰ 3 ਜੁਲਾਈ ਨੂੰ ਵਾਪਸ ਲੈ ਲਿਆ ਗਿਆ। ਹੁਣ ਇਹ ਨੀਤੀ 1 ਨਵੰਬਰ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਅਤੇ ਇਸ 'ਤੇ ਮੁੜ ਵਿਚਾਰ ਜਾਰੀ ਹੈ।
ਵਿਧਵਾ ਪੈਨਸ਼ਨ 'ਤੇ ਵੀ ਭਾਜਪਾ ਨੂੰ ਘੇਰਿਆ
ਗੱਡੀਆਂ ਦੇ ਮੁੱਦੇ ਦੇ ਨਾਲ ਹੀ ਆਤਿਸ਼ੀ ਨੇ ਵਿਧਵਾ ਪੈਨਸ਼ਨ ਘੁਟਾਲੇ 'ਤੇ ਵੀ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਹੀ 25,000 ਵਿਧਵਾਵਾਂ ਦੀ ਪੈਨਸ਼ਨ ਕੱਟ ਚੁੱਕੀ ਹੈ ਅਤੇ ਹੁਣ 60,000 ਹੋਰ ਔਰਤਾਂ ਦੀ ਪੈਨਸ਼ਨ ਕੱਟਣ ਦੀ ਤਿਆਰੀ ਵਿੱਚ ਹੈ। ਇਹ ਉਹ ਔਰਤਾਂ ਹਨ ਜੋ ਬਿਲਕੁਲ ਬੇਸਹਾਰਾ ਹਨ, ਉਨ੍ਹਾਂ ਕੋਲ ਆਉਣ-ਜਾਣ ਤੱਕ ਦੇ ਪੈਸੇ ਨਹੀਂ ਹੁੰਦੇ। ਉਨ੍ਹਾਂ ਨੇ ਭਾਜਪਾ 'ਤੇ ਗਰੀਬ ਵਿਰੋਧੀ ਨੀਤੀਆਂ ਅਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਹੁਣ ਸਾਫ਼ ਹੋ ਚੁੱਕਾ ਹੈ ਕਿ ਭਾਜਪਾ ਦਾ ਚਿਹਰਾ ਜਨ ਵਿਰੋਧੀ ਹੈ।