ਦਸੰਬਰ 2025 ਵਿੱਚ ਭਾਰਤ ਦੇ ਗੋਲਡ ਐਕਸਚੇਂਜ ਟਰੇਡਿਡ ਫੰਡ (Gold ETF) ਵਿੱਚ ਨਿਵੇਸ਼ 211 ਫੀਸਦੀ ਵਧ ਕੇ ₹11,646 ਕਰੋੜ ਤੱਕ ਪਹੁੰਚ ਗਿਆ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (AMFI) ਦੇ ਅੰਕੜਿਆਂ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨਾਵਾਰ ਇਨਫਲੋ ਹੈ। ਨਵੰਬਰ 2025 ਵਿੱਚ ਗੋਲਡ ETF ਵਿੱਚ ਨਿਵੇਸ਼ ₹3,742 ਕਰੋੜ ਸੀ, ਜਦਕਿ ਅਕਤੂਬਰ 2025 ਵਿੱਚ ਇਹ ₹7,743 ਕਰੋੜ ਰਿਹਾ।
ਬਾਜ਼ਾਰ ਨਾਲ ਜੁੜੇ ਵਿਸ਼ਲੇਸ਼ਕਾਂ ਦੇ ਅਨੁਸਾਰ, ਵਿਸ਼ਵ ਅਤੇ ਦੇਸ਼ ਅੰਦਰ ਆਰਥਿਕ ਅਨਿਸ਼ਚਿਤਤਾ, ਇਕਵਿਟੀ ਬਾਜ਼ਾਰ ਵਿੱਚ ਸਮੇਂ-ਸਮੇਂ ‘ਤੇ ਦਿਖਣ ਵਾਲੇ ਜੋਖਮ ਅਤੇ ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਖੋਜ ਨੇ ਨਿਵੇਸ਼ਕਾਂ ਨੂੰ ਗੋਲਡ ETF ਵੱਲ ਮੋੜਿਆ ਹੈ। ਇਸ ਦੌਰਾਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ ਤਰਜੀਹ ਮਿਲੀ ਹੈ।
ਮਿਰੇ ਐਸੈੱਟ ਦੀ ਹੈੱਡ ਡਿਸਟ੍ਰਿਬਿਊਸ਼ਨ ਐਂਡ ਸਟ੍ਰੈਟਜਿਕ ਅਲਾਇੰਸ ਸੁਰੰਜਨਾ ਬੋਰਠਾਕੁਰ ਨੇ ਕਿਹਾ ਕਿ 2025 ਸੋਨੇ ਲਈ ਇੱਕ ਮਹੱਤਵਪੂਰਨ ਸਾਲ ਰਿਹਾ। ਉਨ੍ਹਾਂ ਦੇ ਮੁਤਾਬਕ ਗੋਲਡ ETF ਵਿੱਚ ਨੈੱਟ ਇਨਫਲੋ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵਧਿਆ। ਉਨ੍ਹਾਂ ਕਿਹਾ ਕਿ ਹੁਣ ਸੋਨੇ ਨੂੰ ਸਿਰਫ਼ ਹੈਜਿੰਗ ਟੂਲ ਨਹੀਂ, ਸਗੋਂ ਪੋਰਟਫੋਲੀਓ ਦਾ ਰਣਨੀਤਿਕ ਅਤੇ ਲੰਬੇ ਸਮੇਂ ਵਾਲਾ ਹਿੱਸਾ ਮੰਨਿਆ ਜਾ ਰਿਹਾ ਹੈ।
ਆਨੰਦ ਰਾਠੀ ਵੈਲਥ ਦੇ ਫਿਰੋਜ਼ ਅਜ਼ੀਜ਼ ਨੇ ਦੱਸਿਆ ਕਿ ਕੈਲੰਡਰ ਵਰ੍ਹੇ 2025 ਵਿੱਚ ਸੋਨੇ ਨੇ 70 ਫੀਸਦੀ ਤੋਂ ਵੱਧ ਰਿਟਰਨ ਦਿੱਤਾ। ਉਨ੍ਹਾਂ ਮੁਤਾਬਕ ਇਸ ਪ੍ਰਦਰਸ਼ਨ ਨੇ ਨਿਵੇਸ਼ਕਾਂ ਦੀ ਗੋਲਡ ETF ਪ੍ਰਤੀ ਦਿਲਚਸਪੀ ਵਧਾਈ ਅਤੇ ਇਹ ਨਿਵੇਸ਼ ਵਿਵਹਾਰ ਵਿੱਚ ਰੀਸੈਂਸੀ ਬਾਇਅਸ ਨੂੰ ਵੀ ਦਰਸਾਉਂਦਾ ਹੈ।
ICRA ਐਨਾਲਿਟਿਕਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਵਧ ਰਹੇ ਤਣਾਅ ਅਤੇ ਆਰਥਿਕ ਅਨਿਸ਼ਚਿਤਤਾ ਕਾਰਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਗੋਲਡ ETF ਦੀ ਲਿਕਵਿਡਿਟੀ, ਪਾਰਦਰਸ਼ਤਾ, ਘੱਟ ਲਾਗਤ ਅਤੇ ਆਸਾਨ ਟ੍ਰੇਡਿੰਗ ਇਸ ਦੀ ਮੁੱਖ ਵਜ੍ਹਾ ਹੈ।









