ਵਿਮੈਨਜ਼ ਪ੍ਰੀਮੀਅਰ ਲੀਗ ਦੇ 20ਵੇਂ ਅਤੇ ਆਖਰੀ ਲੀਗ ਮੈਚ ਵਿੱਚ ਦਿੱਲੀ ਕੈਪਿਟਲਜ਼ ਨੇ ਯੂਪੀ ਵਾਰਿਅਰਜ਼ ਨੂੰ ਪੰਜ ਵਿਕਟਾਂ ਨਾਲ ਹਰਾਕੇ ਪਲੇਆਫ਼ ਲਈ ਕੁਆਲੀਫਾਈ ਕਰ ਲਿਆ। ਇਸ ਜਿੱਤ ਨਾਲ ਦਿੱਲੀ ਨੇ ਐਲਿਮਿਨੇਟਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਯੂਪੀ ਵਾਰਿਅਰਜ਼ ਟਾਸ਼ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ। ਟੀਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਕਪਤਾਨ ਮੇਗ ਲੈਨਿੰਗ ਪਹਿਲੀ ਹੀ ਗੇਂਦ ‘ਤੇ ਬਿਨਾਂ ਖਾਤਾ ਖੋਲ੍ਹੇ ਆਉਟ ਹੋ ਗਈ। ਇਸ ਤੋਂ ਬਾਅਦ ਦਿੱਲੀ ਦੇ ਗੇਂਦਬਾਜ਼ਾਂ ਨੇ ਨਿਯਮਿਤ ਅੰਤਰਾਲਾਂ ‘ਤੇ ਵਿਕਟਾਂ ਹਾਸਲ ਕੀਤੀਆਂ।
ਮੱਧਕ੍ਰਮ ਵਿੱਚ ਦੀਪਤੀ ਸ਼ਰਮਾ ਨੇ 24 ਦੌੜਾਂ ਬਣਾਈਆਂ, ਜਦਕਿ ਸਿਮਰਨ ਸ਼ੇਖ ਨੇ 14 ਗੇਂਦਾਂ ‘ਚ 22 ਦੌੜਾਂ ਜੋੜੀਆਂ। ਅੰਤ ਵਿੱਚ ਸ਼ਿਖਾ ਪਾਂਡੇ ਨੇ ਨਾਟ ਆਉਟ 23 ਦੌੜਾਂ ਬਣਾਈਆਂ, ਜਿਸ ਨਾਲ ਯੂਪੀ ਵਾਰਿਅਰਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ‘ਤੇ 122 ਦੌੜਾਂ ਬਣਾਈਆਂ।

ਦਿੱਲੀ ਕੈਪਿਟਲਜ਼ ਲਈ ਮਾਰਿਜ਼ਾਨ ਕੈਪ ਨੇ ਤਿੰਨ ਵਿਕਟਾਂ ਲਈਆਂ, ਜਦਕਿ ਛਿਨੇਲ ਹੈਨਰੀ ਨੇ ਦੋ ਵਿਕਟਾਂ ਹਾਸਲ ਕੀਤੀਆਂ। ਹੋਰ ਗੇਂਦਬਾਜ਼ਾਂ ਨੇ ਵੀ ਕਸਾਵਟ ਵਾਲੀ ਗੇਂਦਬਾਜ਼ੀ ਕੀਤੀ ਅਤੇ ਰਨ ਗਤੀ ‘ਤੇ ਕਾਬੂ ਰੱਖਿਆ।
123 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪਿਟਲਜ਼ ਨੇ ਸੰਭਲ ਕੇ ਸ਼ੁਰੂਆਤ ਕੀਤੀ। ਮੱਧ ਓਵਰਾਂ ਵਿੱਚ ਦੋ ਵਿਕਟਾਂ ਡਿੱਗਣ ਬਾਅਦ ਕਪਤਾਨ ਜੈਮੀਮਾ ਰੋਡਰਿਗਜ਼ ਨੇ ਜ਼ਿੰਮੇਵਾਰੀ ਸੰਭਾਲੀ। ਦਿੱਲੀ ਨੇ 18.4 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ ਲਕਸ਼ ਹਾਸਲ ਕਰ ਲਿਆ।
ਇਸ ਨਤੀਜੇ ਨਾਲ ਦਿੱਲੀ ਕੈਪਿਟਲਜ਼ ਨੇ ਐਲਿਮਿਨੇਟਰ ਲਈ ਕੁਆਲੀਫਾਈ ਕੀਤਾ, ਜਦਕਿ ਮੌਜੂਦਾ ਚੈਂਪੀਅਨ ਮੁੰਬਈ ਇੰਡਿਅਨਜ਼ ਅਤੇ ਯੂਪੀ ਵਾਰਿਅਰਜ਼ ਟੂਰਨਾਮੈਂਟ ਤੋਂ ਬਾਹਰ ਹੋ ਗਏ।





