ਦਿੱਲੀ ਦੀ ਰਾਜਨੀਤੀ ਵਿਚ ਇੱਕ ਵਾਰ ਫਿਰ ਤੋਂ ਹੰਗਾਮਾ ਮਚ ਗਿਆ ਹੈ। ਵਿਧਾਨ ਸਭਾ ਦੀ ਲੋਕ ਲੇਖਾ ਸਮਿਤੀ (ਪੀਏਸੀ) ਨੇ ਇੱਕ ਹੋਰ ਕੈਗ ਰਿਪੋਰਟ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਦਿੱਲੀ ਦੀ ਰਾਜਨੀਤੀ ਵਿਚ ਇੱਕ ਵਾਰ ਫਿਰ ਤੋਂ ਹੰਗਾਮਾ ਮਚ ਗਿਆ ਹੈ। ਵਿਧਾਨ ਸਭਾ ਦੀ ਲੋਕ ਲੇਖਾ ਸਮਿਤੀ (ਪੀਏਸੀ) ਨੇ ਇੱਕ ਹੋਰ ਕੈਗ ਰਿਪੋਰਟ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਹ ਰਿਪੋਰਟ ਸਿਹਤ ਵਿਭਾਗ ਨਾਲ ਸਬੰਧਤ ਬੇਨਿਯਮੀਆਂ ਨੂੰ ਉਜਾਗਰ ਕਰਦੀ ਹੈ, ਜਿਸ ਨੂੰ ਲੈ ਕੇ ਵਿਧਾਨ ਸਭਾ ਵਿੱਚ ਤਿੱਖੀ ਬਹਿਸ ਛਿੜ ਗਈ।
ਕੈਗ ਰਿਪੋਰਟ ਦੀ ਜਾਂਚ ਦਾ ਆਦੇਸ਼
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਇਹ ਰਿਪੋਰਟ ਪੇਸ਼ ਕੀਤੀ ਗਈ, ਜਿਸ ਤੋਂ ਬਾਅਦ ਇਸਨੂੰ ਜਾਂਚ ਲਈ ਪੀਏਸੀ ਕੋਲ ਭੇਜ ਦਿੱਤਾ ਗਿਆ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਪੀਏਸੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ, ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਕੈਗ ਰਿਪੋਰਟ ਵੀ ਪੀਏਸੀ ਨੂੰ ਸੌਂਪੀ ਗਈ ਸੀ।
ਚਰਚਾ ਦੌਰਾਨ ਭਾਜਪਾ ਵਿਧਾਇਕਾਂ ਨੇ ਇਲਜ਼ਾਮ ਲਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਅਤੇ ਕੁਪ੍ਰਬੰਧਨ ਕਾਰਨ ਲੋਕਾਂ ਦੀਆਂ ਜਾਨਾਂ ਗਈਆਂ। ਉਨ੍ਹਾਂ ਨੇ ਕੇਜਰੀਵਾਲ 'ਤੇ ਕਤਲ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੇ ਸਿਹਤ ਖੇਤਰ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ, ਜਿਸ ਕਾਰਨ ਦਿੱਲੀ ਦੇ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੱਤਾਧਾਰੀ ਪਾਰਟੀ ਦਾ ਪਲਟਵਾਰ
ਵਿਧਾਨ ਸਭਾ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸਿਹਤ ਮੰਤਰੀ ਡਾ. ਪੰਕਜ ਕੁਮਾਰ ਸਿੰਘ ਨੇ ਆਪ ਸਰਕਾਰ 'ਤੇ ਗੰਭੀਰ ਦੋਸ਼ ਲਾਏ। ਗੁਪਤਾ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਫਾਈ, ਦਵਾਈ ਅਤੇ ਇਲਾਜ ਦੇ ਨਾਮ 'ਤੇ ਘਪਲਾ ਕੀਤਾ ਗਿਆ। ਐਨ-95 ਮਾਸਕ ਤੋਂ ਲੈ ਕੇ ਮੈਡੀਕਲ ਸਾਮਾਨ ਦੀ ਖਰੀਦ ਵਿੱਚ ਵੱਡੇ ਪੱਧਰ 'ਤੇ ਬੇਨਿਯਮੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਸਿਰਫ਼ ਭ੍ਰਿਸ਼ਟਾਚਾਰ ਵਿੱਚ ਲਿਪਤ ਸੀ ਅਤੇ ਜਨਤਾ ਦੇ ਪੈਸਿਆਂ ਦਾ ਦੁਰਉਪਯੋਗ ਕੀਤਾ ਗਿਆ।
ਕੇਜਰੀਵਾਲ ਲਈ ਵੱਧਦੀਆਂ ਮੁਸ਼ਕਲਾਂ
ਸਾਬਕਾ ਮੁੱਖ ਮੰਤਰੀ ਅਤੇ ਨੇਤਾ ਵਿਰੋਧੀ ਆਤਿਸ਼ੀ ਨੇ ਭਾਜਪਾ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਹੁਣ ਕੈਗ ਰਿਪੋਰਟ ਦਾ ਇਸਤੇਮਾਲ ਰਾਜਨੀਤਿਕ ਹਥਿਆਰ ਵਜੋਂ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਜਪਾ ਦਾ ਅਸਲੀ ਮਕਸਦ ਆਪ ਸਰਕਾਰ ਨੂੰ ਬਦਨਾਮ ਕਰਨਾ ਹੈ, ਜਦੋਂ ਕਿ ਅਸਲ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਲਗਾਤਾਰ ਕੈਗ ਰਿਪੋਰਟਾਂ ਦੀ ਜਾਂਚ ਅਤੇ ਭਾਜਪਾ ਦੀ ਹਮਲਾਵਰ ਰਣਨੀਤੀ ਅਰਵਿੰਦ ਕੇਜਰੀਵਾਲ ਲਈ ਮੁਸ਼ਕਲਾਂ ਵਧਾ ਸਕਦੀ ਹੈ।
ਆਬਕਾਰੀ ਨੀਤੀ ਤੋਂ ਲੈ ਕੇ ਸਿਹਤ ਵਿਭਾਗ ਤੱਕ, ਕਈ ਮਾਮਲਿਆਂ ਵਿੱਚ ਬੇਨਿਯਮੀਆਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੀ ਰਾਜਨੀਤਿਕ ਇਮੇਜ ਨੂੰ ਨੁਕਸਾਨ ਪਹੁੰਚ ਸਕਦਾ ਹੈ।