दुनिया ਦੇ ਸਭ ਤੋਂ ਵੱਡੇ ਸਨਮਾਨ ਸਮਾਗਮਾਂ ਵਿੱਚੋਂ ਇੱਕ, ਦ ਅਕੈਡਮੀ ਅਵਾਰਡਸ (Oscars) ਦੀ ਮੈਂਬਰਸ਼ਿਪ ਵਿੱਚ ਸ਼ਾਮਲ ਹੋਣਾ ਕਿਸੇ ਵੀ ਕਲਾਕਾਰ ਲਈ ਮਾਣ ਵਾਲੀ ਗੱਲ ਹੁੰਦੀ ਹੈ।
Oscars: ਭਾਰਤੀ ਸਿਨੇਮਾ ਲਈ ਇੱਕ ਮਾਣ ਭਰੀ ਖ਼ਬਰ ਸਾਹਮਣੇ ਆਈ ਹੈ। ਦਿੱਗਜ ਅਦਾਕਾਰ ਕਮਲ ਹਾਸਨ ਅਤੇ ਬਹੁ-ਪੱਖੀ ਕਲਾਕਾਰ ਆਯੁਸ਼ਮਾਨ ਖੁਰਾਨਾ ਨੂੰ ਇਸ ਸਾਲ ਪ੍ਰਸਿੱਧ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ (Oscars Academy) ਵਿੱਚ ਮੈਂਬਰ ਬਣਨ ਦਾ ਸੱਦਾ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਇਹ ਦੋਵੇਂ ਕਲਾਕਾਰ ਨਾ ਸਿਰਫ਼ ਭਾਰਤੀ ਸਿਨੇਮਾ ਦੀ ਪ੍ਰਤੀਨਿਧਤਾ ਕਰਨਗੇ, ਸਗੋਂ ਆਸਕਰ ਪੁਰਸਕਾਰਾਂ ਲਈ ਵੋਟਿੰਗ ਵਿੱਚ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਸਕਣਗੇ।
ਵੀਰਵਾਰ, 26 ਜੂਨ 2025 ਨੂੰ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਸ ਵਾਰ ਕੁੱਲ 534 ਨਵੇਂ ਲੋਕਾਂ ਨੂੰ ਦ ਅਕੈਡਮੀ ਦੀ ਮੈਂਬਰਸ਼ਿਪ ਲਈ ਸੱਦਾ ਦਿੱਤਾ ਗਿਆ ਹੈ। ਇਨ੍ਹਾਂ 534 ਮੈਂਬਰਾਂ ਵਿੱਚ ਭਾਰਤ ਤੋਂ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਕਮਲ ਹਾਸਨ ਅਤੇ ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਕਾਸਟਿੰਗ ਡਾਇਰੈਕਟਰ ਕਰਨ ਮਾਲੀ, ਸਿਨੇਮੈਟੋਗ੍ਰਾਫਰ ਰਣਵੀਰ ਦਾਸ, ਕਾਸਟਿਊਮ ਡਿਜ਼ਾਈਨਰ ਮੈਕਸੀਮਾ ਬਾਸੂ, ਡਾਕੂਮੈਂਟਰੀ ਫਿਲਮਮੇਕਰ ਸਮ੍ਰਿਤੀ ਮੁੰਦੜਾ ਅਤੇ ਨਿਰਦੇਸ਼ਕ ਪਾਇਲ ਕਪਾੜੀਆ ਵੀ ਸ਼ਾਮਲ ਹਨ।
ਇਹ ਭਾਰਤੀ ਸਿਨੇਮਾ ਲਈ ਬਹੁਤ ਵੱਡਾ ਸਨਮਾਨ ਮੰਨਿਆ ਜਾ ਰਿਹਾ ਹੈ, ਕਿਉਂਕਿ ਦ ਅਕੈਡਮੀ ਦੀ ਮੈਂਬਰਸ਼ਿਪ ਮਿਲਣਾ ਸਿਰਫ਼ ਪ੍ਰਸਿੱਧੀ ਦੀ ਗੱਲ ਨਹੀਂ, ਸਗੋਂ ਸਿਨੇਮਾ ਵਿੱਚ ਯੋਗਦਾਨ ਦੀ ਵਿਸ਼ਵ ਪੱਧਰੀ ਮਾਨਤਾ ਦਾ ਪ੍ਰਤੀਕ ਹੁੰਦਾ ਹੈ।
ਹਾਲੀਵੁੱਡ ਦੇ ਸਿਤਾਰੇ ਵੀ ਹੋਣਗੇ ਸ਼ਾਮਲ
ਇਸ ਸਾਲ ਜਿਨ੍ਹਾਂ ਅੰਤਰਰਾਸ਼ਟਰੀ ਚਿਹਰਿਆਂ ਨੂੰ ਆਸਕਰ ਅਕੈਡਮੀ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ, ਉਨ੍ਹਾਂ ਵਿੱਚ ਕਈ ਮਸ਼ਹੂਰ ਹਾਲੀਵੁੱਡ ਸਟਾਰਸ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਏਰੀਆਨਾ ਗ੍ਰਾਂਡੇ, ਸੇਬੇਸਟੀਅਨ ਸਟੈਨ, ਜੇਸਨ ਮੋਮੋਆ, ਜੇਸਨ ਸਟ੍ਰਾਂਗ, ਔਬਰੇ ਪਲਾਜ਼ਾ, ਮਾਰਗਰੇਟ ਕੁਆਲੀ, ਮਾਈਕ ਫੈਸਟ, ਮੋਨਿਕਾ ਬਾਰਬਰੋ ਅਤੇ ਗਿਲੀਅਨ ਐਂਡਰਸਨ ਵਰਗੇ ਵੱਡੇ ਨਾਮ ਸ਼ਾਮਲ ਹਨ। ਜੇਕਰ ਇਹ ਸਾਰੇ 534 ਨਵੇਂ ਮੈਂਬਰ ਆਪਣਾ ਸੱਦਾ ਪ੍ਰਵਾਨ ਕਰ ਲੈਂਦੇ ਹਨ ਤਾਂ ਅਕੈਡਮੀ ਦੇ ਕੁੱਲ ਮੈਂਬਰਾਂ ਦੀ ਗਿਣਤੀ ਵਧ ਕੇ 11,120 ਹੋ ਜਾਵੇਗੀ, ਜਿਨ੍ਹਾਂ ਵਿੱਚੋਂ 10,143 ਮੈਂਬਰ ਵੋਟਿੰਗ ਵਿੱਚ ਭਾਗ ਲੈਣ ਦੇ ਯੋਗ ਹੋਣਗੇ।
- ਅਦਾਕਾਰਾ ਸਿੰਗਰ ਏਰੀਆਨਾ ਗ੍ਰਾਂਡੇ (Ariana Grande)
- ਅਦਾਕਾਰ ਸੇਬੇਸਟੀਅਨ ਸਟੈਨ (Sebastian Stan)
- ਅਦਾਕਾਰ ਜੇਰੇਮੀ ਸਟ੍ਰਾਂਗ (Jeremy Strong)
- ਅਦਾਕਾਰ ਜੇਸਨ ਮੋਮੋਆ (Jason Momoa)
- ਅਦਾਕਾਰਾ ਔਬਰੇ ਪਲਾਜ਼ਾ (Aubrey Plaza)
- ਅਦਾਕਾਰਾ ਮਾਰਗਰੇਟ ਕੁਆਲੀ (Margaret Qualley)
- ਅਦਾਕਾਰ ਮਾਈਕ ਫੈਸਟ (Mike Fest)
- ਅਦਾਕਾਰਾ ਮੋਨਿਕਾ ਬਾਰਬਰੋ (Monica Barbaro)
- ਅਦਾਕਾਰਾ ਗਿਲੀਅਨ ਐਂਡਰਸਨ (Gillian Anderson)
ਕਿਉਂ ਖਾਸ ਹੈ ਆਸਕਰ ਅਕੈਡਮੀ ਦੀ ਮੈਂਬਰਸ਼ਿਪ?
ਆਸਕਰ ਅਵਾਰਡਸ ਦੁਨੀਆ ਦਾ ਸਭ ਤੋਂ ਪ੍ਰਸਿੱਧ ਫਿਲਮ ਅਵਾਰਡ ਮੰਨਿਆ ਜਾਂਦਾ ਹੈ। ਅਕੈਡਮੀ ਦੀ ਮੈਂਬਰਸ਼ਿਪ ਮਿਲਣਾ ਮਤਲਬ ਤੁਸੀਂ ਉਨ੍ਹਾਂ ਹਜ਼ਾਰਾਂ ਕਰੀਏਟਿਵ ਪ੍ਰੋਫੈਸ਼ਨਲਜ਼ ਵਿੱਚ ਸ਼ਾਮਲ ਹੋ ਜਾਂਦੇ ਹੋ, ਜਿਨ੍ਹਾਂ ਨੂੰ ਦੁਨੀਆ ਭਰ ਦੀਆਂ ਫਿਲਮਾਂ ਲਈ ਵੋਟਿੰਗ ਕਰਨ ਦਾ ਅਧਿਕਾਰ ਹੁੰਦਾ ਹੈ। ਇਹ ਮੈਂਬਰਸ਼ਿਪ ਕਿਸੇ ਵੀ ਕਲਾਕਾਰ ਜਾਂ ਤਕਨੀਸ਼ੀਅਨ ਦੇ ਕਰੀਅਰ ਵਿੱਚ ਮਾਣ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਕਮਲ ਹਾਸਨ ਅਤੇ ਆਯੁਸ਼ਮਾਨ ਖੁਰਾਨਾ ਦੋਵੇਂ ਹੀ ਆਪਣੀ ਬਹੁ-ਪੱਖੀ ਪ੍ਰਤਿਭਾ ਅਤੇ ਚੁਣਿੰਦਾ ਸਿਨੇਮਾ ਲਈ ਜਾਣੇ ਜਾਂਦੇ ਹਨ। ਕਮਲ ਹਾਸਨ ਨੇ ਦਹਾਕਿਆਂ ਤੱਕ ਭਾਰਤੀ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ, ਜਦਕਿ ਆਯੁਸ਼ਮਾਨ ਖੁਰਾਨਾ ਨੇ ਆਪਣੀਆਂ ਵੱਖਰੀਆਂ ਫਿਲਮਾਂ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਕਹਾਣੀਆਂ ਨਾਲ ਖਾਸ ਪਛਾਣ ਬਣਾਈ ਹੈ।
ਕਦੋਂ ਹੋਣਗੇ ਅਗਲੇ ਆਸਕਰ?
ਅਕੈਡਮੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਆਸਕਰ 2026 ਲਈ ਵੋਟਿੰਗ 12 ਤੋਂ 16 ਜਨਵਰੀ ਦੇ ਵਿਚਕਾਰ ਹੋਵੇਗੀ ਅਤੇ ਨਾਮਜ਼ਦਗੀ ਦੀ ਅਧਿਕਾਰਤ ਘੋਸ਼ਣਾ 22 ਜਨਵਰੀ ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਨਦਾਰ ਸਮਾਗਮ 15 ਮਾਰਚ 2026 ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਜਾਵੇਗਾ।