Pune

ਐੱਲ.ਆਈ.ਸੀ. ਦਾ ਵੱਡਾ ਬਦਲਾਅ: ਕਿਹੜੀਆਂ ਕੰਪਨੀਆਂ 'ਚ ਘਟਾਈ ਹਿੱਸੇਦਾਰੀ, ਕਿੱਥੇ ਵਧਾਇਆ ਭਰੋਸਾ?

ਐੱਲ.ਆਈ.ਸੀ. ਦਾ ਵੱਡਾ ਬਦਲਾਅ: ਕਿਹੜੀਆਂ ਕੰਪਨੀਆਂ 'ਚ ਘਟਾਈ ਹਿੱਸੇਦਾਰੀ, ਕਿੱਥੇ ਵਧਾਇਆ ਭਰੋਸਾ?

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਆਪਣੇ ਇਕਵਿਟੀ ਪੋਰਟਫੋਲੀਓ ਵਿੱਚ ਵੱਡਾ ਬਦਲਾਅ ਕੀਤਾ ਹੈ। ਜੂਨ 2025 ਤਿਮਾਹੀ ਦੌਰਾਨ ਐੱਲ.ਆਈ.ਸੀ. ਨੇ 81 ਕੰਪਨੀਆਂ ਵਿੱਚ ਆਪਣੀ ਹਿੱਸੇਦਾਰੀ ਘਟਾਈ ਹੈ, ਜਿਨ੍ਹਾਂ ਵਿੱਚੋਂ ਕਈ ਅਜਿਹੇ ਨਾਮ ਹਨ ਜੋ ਆਮ ਨਿਵੇਸ਼ਕਾਂ ਵਿੱਚ ਕਾਫ਼ੀ ਮਸ਼ਹੂਰ ਰਹੇ ਹਨ। ਇਨ੍ਹਾਂ ਵਿੱਚ ਸੁਜਲੋਨ ਐਨਰਜੀ, ਅਨਿਲ ਅੰਬਾਨੀ ਦੀ ਰਿਲਾਇੰਸ ਪਾਵਰ ਅਤੇ ਵੇਦਾਂਤਾ ਵਰਗੀਆਂ ਕੰਪਨੀਆਂ ਪ੍ਰਮੁੱਖ ਹਨ। ਇਹ ਉਹ ਕੰਪਨੀਆਂ ਹਨ ਜਿਨ੍ਹਾਂ ਵਿੱਚ ਛੋਟੇ ਨਿਵੇਸ਼ਕਾਂ ਦੀ ਦਿਲਚਸਪੀ ਹਮੇਸ਼ਾ ਬਣੀ ਰਹੀ ਹੈ, ਇਸਦੇ ਬਾਵਜੂਦ ਕਿ ਇਨ੍ਹਾਂ ਦਾ ਪ੍ਰਦਰਸ਼ਨ ਕਦੇ ਸਥਿਰ ਨਹੀਂ ਰਿਹਾ।

277 ਸ਼ੇਅਰਾਂ ਵਿੱਚ ਫੈਲਿਆ ਐੱਲ.ਆਈ.ਸੀ. ਦਾ ਪੋਰਟਫੋਲੀਓ

ਏਸ ਈਕਵਿਟੀ ਤੋਂ ਮਿਲੇ ਅੰਕੜਿਆਂ ਦੇ ਅਨੁਸਾਰ, ਐੱਲ.ਆਈ.ਸੀ. ਦਾ ਮੌਜੂਦਾ ਪੋਰਟਫੋਲੀਓ ਹੁਣ 277 ਕੰਪਨੀਆਂ ਵਿੱਚ ਫੈਲਿਆ ਹੋਇਆ ਹੈ। ਬੀਮਾ ਕੰਪਨੀ ਨੇ ਕਰੀਬ 15.5 ਲੱਖ ਕਰੋੜ ਰੁਪਏ ਦੇ ਇਕਵਿਟੀ ਨਿਵੇਸ਼ ਨੂੰ ਨਵੇਂ ਸਿਰੇ ਤੋਂ ਆਕਾਰ ਦਿੱਤਾ ਹੈ। ਇਹ ਬਦਲਾਅ ਨਾ ਸਿਰਫ਼ ਕੰਪਨੀਆਂ ਦੇ ਨਾਮ ਵਿੱਚ ਹੈ, ਬਲਕਿ ਇਸ ਨਾਲ ਐੱਲ.ਆਈ.ਸੀ. ਦੀ ਰਣਨੀਤੀ ਵਿੱਚ ਆਏ ਰੁਝਾਨ ਦਾ ਵੀ ਸੰਕੇਤ ਮਿਲਦਾ ਹੈ।

ਡਿਫੈਂਸ ਸੈਕਟਰ ਵਿੱਚ ਵਧਾਇਆ ਭਰੋਸਾ

ਐੱਲ.ਆਈ.ਸੀ. ਨੇ ਇਸ ਵਾਰ ਡਿਫੈਂਸ ਸੈਕਟਰ ਵਿੱਚ ਵੱਡੀ ਐਂਟਰੀ ਮਾਰੀ ਹੈ। ਮਝਗਾਓਂ ਡੌਕ ਸ਼ਿਪਬਿਲਡਰਸ ਵਿੱਚ ਐੱਲ.ਆਈ.ਸੀ. ਨੇ 3.27 ਫੀਸਦੀ ਦੀ ਹਿੱਸੇਦਾਰੀ ਲਈ ਹੈ ਜਿਸਦੀ ਕੀਮਤ ਲਗਭਗ 3,857 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕੋਚੀਨ ਸ਼ਿਪਯਾਰਡ ਵਿੱਚ ਆਪਣੀ ਹਿੱਸੇਦਾਰੀ 3.05 ਫੀਸਦੀ ਤੱਕ ਵਧਾਈ ਹੈ। ਉੱਥੇ ਹੀ, ਭਾਰਤ ਇਲੈਕਟ੍ਰੋਨਿਕਸ ਵਿੱਚ 1.99 ਫੀਸਦੀ ਅਤੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚ.ਏ.ਐਲ.) ਵਿੱਚ 2.77 ਫੀਸਦੀ ਹਿੱਸੇਦਾਰੀ ਤੱਕ ਪੋਰਟਫੋਲੀਓ ਵਧਾਇਆ ਗਿਆ ਹੈ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਡਿਫੈਂਸ ਸੈਕਟਰ ਲਗਾਤਾਰ ਚਰਚਾ ਵਿੱਚ ਰਿਹਾ ਹੈ। ਦੁਨੀਆ ਭਰ ਵਿੱਚ ਚੱਲ ਰਹੇ ਭੂ-ਰਾਜਨੀਤਿਕ ਤਣਾਅ, ਭਾਰਤ ਦੇ ਵਧਦੇ ਰੱਖਿਆ ਬਜਟ ਅਤੇ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਨੇ ਇਸ ਸੈਕਟਰ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਨਿਫਟੀ ਇੰਡੀਆ ਡਿਫੈਂਸ ਇੰਡੈਕਸ ਨੇ ਪਿਛਲੇ ਛੇ ਮਹੀਨਿਆਂ ਵਿੱਚ ਕਰੀਬ 34 ਫੀਸਦੀ ਦਾ ਉਛਾਲ ਦਿਖਾਇਆ ਹੈ।

ਆਈ.ਟੀ. ਅਤੇ ਫਾਈਨਾਂਸ 'ਤੇ ਵੀ ਐੱਲ.ਆਈ.ਸੀ. ਦਾ ਵੱਡਾ ਭਰੋਸਾ

ਐੱਲ.ਆਈ.ਸੀ. ਨੇ ਇੰਫੋਸਿਸ ਵਿੱਚ 43 ਬੇਸਿਸ ਪੁਆਇੰਟਸ ਦੀ ਬੜ੍ਹਤ ਦੇ ਨਾਲ 10.88 ਫੀਸਦੀ ਹਿੱਸੇਦਾਰੀ ਕਰ ਲਈ ਹੈ, ਜਿਸਦਾ ਬਾਜ਼ਾਰ ਮੁੱਲ ਲਗਭਗ 63,400 ਕਰੋੜ ਰੁਪਏ ਹੈ। ਇਸੇ ਤਰ੍ਹਾਂ, ਐਚ.ਸੀ.ਐਲ. ਟੈਕਨੋਲੋਜੀਜ਼ ਵਿੱਚ ਹਿੱਸੇਦਾਰੀ 5.31 ਫੀਸਦੀ ਤੱਕ ਪਹੁੰਚ ਗਈ ਹੈ। ਫਾਈਨਾਂਸ਼ੀਅਲ ਸਰਵਿਸਿਜ਼ ਵਿੱਚ ਵੀ ਐੱਲ.ਆਈ.ਸੀ. ਨੇ ਇੱਕ ਨਵਾਂ ਕਦਮ ਚੁੱਕਿਆ ਹੈ। ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਵਿੱਚ 6.68 ਫੀਸਦੀ ਹਿੱਸੇਦਾਰੀ ਕਰ ਬੀਮਾ ਕੰਪਨੀ ਨੇ ਅੰਬਾਨੀ ਸਮੂਹ ਦੇ ਇਸ ਨਵੇਂ ਵੈਂਚਰ 'ਤੇ ਭਰੋਸਾ ਜਤਾਇਆ ਹੈ।

ਆਟੋ ਅਤੇ ਈਵੀ ਸੈਕਟਰ ਵਿੱਚ ਵੀ ਐੱਲ.ਆਈ.ਸੀ. ਦੀ ਦਿਲਚਸਪੀ

ਟਾਟਾ ਮੋਟਰਜ਼ ਵਿੱਚ ਵੀ ਐੱਲ.ਆਈ.ਸੀ. ਨੇ ਵੱਡਾ ਦਾਅ ਲਗਾਇਆ ਹੈ। ਕੰਪਨੀ ਨੇ ਆਪਣੀ ਹਿੱਸੇਦਾਰੀ 74 ਬੇਸਿਸ ਪੁਆਇੰਟਸ ਵਧਾ ਕੇ 3.89 ਫੀਸਦੀ ਕਰ ਦਿੱਤੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਦਾਅ ਟਾਟਾ ਮੋਟਰਜ਼ ਦੇ ਇਲੈਕਟ੍ਰਿਕ ਵਹੀਕਲਸ ਸੈਗਮੈਂਟ ਵਿੱਚ ਹੋ ਰਹੇ ਬਦਲਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਇਆ ਗਿਆ ਹੈ।

ਬੈਂਕਿੰਗ ਸੈਕਟਰ ਵਿੱਚ ਮਿਲਿਆ-ਜੁਲਿਆ ਰੁਖ

ਐੱਲ.ਆਈ.ਸੀ. ਨੇ ਬੈਂਕਿੰਗ ਸੈਕਟਰ ਵਿੱਚ ਆਪਣੀ ਰਣਨੀਤੀ ਵਿੱਚ ਸੰਤੁਲਨ ਬਣਾਇਆ ਹੈ। ਇੱਕ ਪਾਸੇ ਐਚ.ਡੀ.ਐਫ.ਸੀ. ਬੈਂਕ ਵਿੱਚ ਹਿੱਸੇਦਾਰੀ ਘਟਾ ਕੇ 5.45 ਫੀਸਦੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ 6.38 ਫੀਸਦੀ ਕਰ ਦਿੱਤੀ ਗਈ ਹੈ, ਤਾਂ ਦੂਜੇ ਪਾਸੇ ਬੈਂਕ ਆਫ ਬੜੌਦਾ ਅਤੇ ਕੇਨਰਾ ਬੈਂਕ ਵਿੱਚ ਹਿੱਸੇਦਾਰੀ ਵਧਾਈ ਗਈ ਹੈ। ਬੈਂਕ ਆਫ ਬੜੌਦਾ ਵਿੱਚ ਹੁਣ 7.51 ਫੀਸਦੀ ਅਤੇ ਕੇਨਰਾ ਬੈਂਕ ਵਿੱਚ 5.85 ਫੀਸਦੀ ਹਿੱਸੇਦਾਰੀ ਹੈ।

ਹੀਰੋ ਮੋਟੋਕਾੱਰਪ, ਵੇਦਾਂਤਾ ਅਤੇ ਡਿਵੀਜ਼ ਲੈਬਸ ਤੋਂ ਦੂਰੀ

ਰਿਟੇਲ ਇਨਵੈਸਟਰਸ ਦੇ ਫੇਵਰੇਟ ਸ਼ੇਅਰਾਂ ਤੋਂ ਐੱਲ.ਆਈ.ਸੀ. ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਰਿਲਾਇੰਸ ਪਾਵਰ ਵਿੱਚ 2.43 ਫੀਸਦੀ, ਵੇਦਾਂਤਾ ਵਿੱਚ 6.69 ਫੀਸਦੀ ਅਤੇ ਸੁਜਲੋਨ ਐਨਰਜੀ ਵਿੱਚ ਮਾਮੂਲੀ ਕਟੌਤੀ ਕੀਤੀ ਗਈ ਹੈ। ਹੀਰੋ ਮੋਟੋਕਾੱਰਪ ਵਿੱਚ ਸਭ ਤੋਂ ਜ਼ਿਆਦਾ ਕਟੌਤੀ ਦੇਖਣ ਨੂੰ ਮਿਲੀ, ਜਿੱਥੇ ਹਿੱਸੇਦਾਰੀ ਘਟ ਕੇ 6.53 ਫੀਸਦੀ ਰਹਿ ਗਈ ਹੈ।

ਇਸ ਤੋਂ ਇਲਾਵਾ ਐੱਲ.ਆਈ.ਸੀ. ਨੇ ਨਵੀਨ ਫਲੂਰੋਇਨ, ਡਿਵੀਜ਼ ਲੈਬਸ, ਮੈਰੀਕੋ, ਅਪੋਲੋ ਹਾਸਪਿਟਲਜ਼, ਆਈਸ਼ਰ ਮੋਟਰਜ਼, ਜੇ.ਐਸ.ਡਬਲਿਊ. ਐਨਰਜੀ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ ਅਤੇ ਐਸ.ਬੀ.ਆਈ. ਵਰਗੀਆਂ ਕੰਪਨੀਆਂ ਵਿੱਚ ਵੀ ਹਿੱਸੇਦਾਰੀ ਘੱਟ ਕੀਤੀ ਹੈ।

ਐੱਲ.ਆਈ.ਸੀ. ਦੀਆਂ ਟਾੱਪ ਹੋਲਡਿੰਗਜ਼ ਦਾ ਹਾਲ

ਐੱਲ.ਆਈ.ਸੀ. ਦੀ ਸਭ ਤੋਂ ਵੱਡੀ ਹੋਲਡਿੰਗ ਅਜੇ ਵੀ ਰਿਲਾਇੰਸ ਇੰਡਸਟਰੀਜ਼ ਬਣੀ ਹੋਈ ਹੈ, ਜਿਸ ਵਿੱਚ ਕੰਪਨੀ ਨੇ 6.93 ਫੀਸਦੀ ਹਿੱਸੇਦਾਰੀ ਰੱਖੀ ਹੈ, ਜਿਸਦੀ ਵੈਲਿਊ 1.3 ਲੱਖ ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਬਾਅਦ ਆਈ.ਟੀ.ਸੀ. 82,200 ਕਰੋੜ ਰੁਪਏ ਦੇ ਨਾਲ ਦੂਜਾ ਸਭ ਤੋਂ ਵੱਡਾ ਨਿਵੇਸ਼ ਹੈ, ਜਿੱਥੇ ਐੱਲ.ਆਈ.ਸੀ. ਦੀ ਹਿੱਸੇਦਾਰੀ 15.8 ਫੀਸਦੀ ਹੈ। ਹੋਰ ਵੱਡੀਆਂ ਹੋਲਡਿੰਗਜ਼ ਵਿੱਚ ਐਚ.ਡੀ.ਐਫ.ਸੀ. ਬੈਂਕ (68,600 ਕਰੋੜ), ਐਸ.ਬੀ.ਆਈ. (66,300 ਕਰੋੜ) ਅਤੇ ਐਲ.&ਟੀ. (64,100 ਕਰੋੜ) ਸ਼ਾਮਲ ਹਨ।

Leave a comment