ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਇਹਨਾਂ ਦਿਨਾਂ ਇੱਕ ਵੱਡੇ ਵਿਵਾਦ ਵਿੱਚ ਘਿਰੇ ਹੋਏ ਹਨ। ਉਹਨਾਂ ਨੇ ਹਾਲ ਹੀ ਵਿੱਚ ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਇਲਜ਼ਾਮੀ ਅਤੇ ਵਿਵਾਦਪੂਰਨ ਟਿੱਪਣੀ ਕੀਤੀ ਹੈ, ਜਿਸ ਕਾਰਨ ਉਹਨਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।
ਭੋਪਾਲ: ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਕੁੰਵਰ ਵਿਜੇ ਸ਼ਾਹ ਇੱਕ ਵਿਵਾਦਪੂਰਨ ਬਿਆਨ ਕਾਰਨ ਇਹਨਾਂ ਦਿਨਾਂ ਕਾਨੂੰਨੀ ਮੁਸ਼ਕਲਾਂ ਵਿੱਚ ਘਿਰੇ ਹੋਏ ਦਿਖਾਈ ਦੇ ਰਹੇ ਹਨ। ਉਹਨਾਂ ਨੇ ਭਾਰਤੀ ਸੈਨਾਂ ਦੀ ਅਧਿਕਾਰੀ ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਕੀਤੀ ਟਿੱਪਣੀ ਕਾਰਨ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਅਰਜ਼ੀ 'ਤੇ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਸੁਣਵਾਈ 19 ਮਈ ਤੱਕ ਮੁਲਤਵੀ ਕਰ ਦਿੱਤੀ ਹੈ।
ਪੂਰਾ ਮਾਮਲਾ ਕੀ ਹੈ?
ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਸੈਨਾਂ ਦੀ ਅਧਿਕਾਰੀ ਕਰਨਲ ਸੋਫ਼ੀਆ ਕੁਰੈਸ਼ੀ ਨੇ ਪਾਕਿਸਤਾਨ ਦੇ ਖ਼ਿਲਾਫ਼ ਹੋਏ ਆਪ੍ਰੇਸ਼ਨ ਸਿੰਦੂਰ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਆਪ੍ਰੇਸ਼ਨ ਤੋਂ ਬਾਅਦ ਵਿਜੇ ਸ਼ਾਹ ਨੇ ਇੱਕ ਜਨਤਕ ਪ੍ਰੋਗਰਾਮ ਦੌਰਾਨ ਕਰਨਲ ਸੋਫ਼ੀਆ ਬਾਰੇ "ਆਤੰਕਵਾਦੀਆਂ ਦੀ ਭੈਣ" ਵਰਗੀ ਇਲਜ਼ਾਮੀ ਟਿੱਪਣੀ ਕੀਤੀ, ਜਿਸ ਕਾਰਨ ਪੂਰੇ ਦੇਸ਼ ਵਿੱਚ ਹੰਗਾਮਾ ਮਚ ਗਿਆ।
ਇਸ ਬਿਆਨ ਦੀ ਸਖ਼ਤ ਆਲੋਚਨਾ ਹੋਈ ਅਤੇ ਮਾਮਲਾ ਮੱਧ ਪ੍ਰਦੇਸ਼ ਹਾਈ ਕੋਰਟ ਤੱਕ ਪਹੁੰਚ ਗਿਆ। ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਓ ਮੋਟੋ ਸੰਗਨ ਲਿਆ ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 152, 196 (1)(ਬੀ) ਅਤੇ 197(1)(ਸੀ) ਤਹਿਤ ਵਿਜੇ ਸ਼ਾਹ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦਾ ਹੁਕਮ ਦਿੱਤਾ।
ਸੁਪਰੀਮ ਕੋਰਟ ਵਿੱਚ ਵਿਜੇ ਸ਼ਾਹ ਦੀ ਅਰਜ਼ੀ
ਹਾਈ ਕੋਰਟ ਦੇ ਇਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਵਿਜੇ ਸ਼ਾਹ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਐਫ਼ਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਪਰ ਸੁਪਰੀਮ ਕੋਰਟ ਨੇ ਅੱਜ ਉਹਨਾਂ ਦੀ ਅਰਜ਼ੀ 'ਤੇ ਸੁਣਵਾਈ ਕਰਕੇ ਇਸਨੂੰ 19 ਮਈ ਤੱਕ ਮੁਲਤਵੀ ਕਰ ਦਿੱਤਾ ਹੈ। ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਸ ਪੜਾਅ 'ਤੇ ਉਹ ਹਾਈ ਕੋਰਟ ਦੇ ਹੁਕਮ 'ਤੇ ਰੋਕ ਨਹੀਂ ਲਗਾਏਗੀ।
ਇਸ ਮਾਮਲੇ ਨੇ ਰਾਜਨੀਤਿਕ ਰੂਪ ਵੀ ਲੈ ਲਿਆ ਹੈ। ਸੈਨਾਂ ਅਤੇ ਮਹਿਲਾ ਅਧਿਕਾਰੀ ਖ਼ਿਲਾਫ਼ ਇਸ ਤਰ੍ਹਾਂ ਦੀ ਟਿੱਪਣੀ ਨੂੰ ਲੈ ਕੇ ਭਾਜਪਾ ਦੇ ਅੰਦਰ ਅਤੇ ਬਾਹਰ ਦੋਨੋਂ ਥਾਈਂ ਸ਼ਾਹ ਦੀ ਆਲੋਚਨਾ ਹੋਈ। ਜਦੋਂ ਵਿਵਾਦ ਵਧਿਆ, ਤਾਂ ਵਿਜੇ ਸ਼ਾਹ ਨੇ ਮੁਆਫ਼ੀ ਮੰਗਦੇ ਹੋਏ ਕਿਹਾ, "ਮੈਂ ਸੁਪਨੇ ਵਿੱਚ ਵੀ ਕਰਨਲ ਸੋਫ਼ੀਆ ਕੁਰੈਸ਼ੀ ਬਾਰੇ ਕੁਝ ਗ਼ਲਤ ਨਹੀਂ ਸੋਚ ਸਕਦਾ। ਜੇ ਮੇਰੇ ਸ਼ਬਦਾਂ ਕਾਰਨ ਉਹਨਾਂ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ।" ਉਹਨਾਂ ਨੇ ਅੱਗੇ ਕਿਹਾ ਕਿ, "ਕਰਨਲ ਸੋਫ਼ੀਆ ਨੇ ਧਰਮ ਅਤੇ ਜਾਤ ਤੋਂ ਉਪਰ ਉੱਠ ਕੇ ਦੇਸ਼ ਦੀ ਸੇਵਾ ਕੀਤੀ ਹੈ, ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ।
ਰਾਜਨੀਤਿਕ ਪ੍ਰਤੀਕ੍ਰਿਆਵਾਂ
ਵਿਰੋਧੀ ਧਿਰਾਂ ਨੇ ਇਸ ਮੁੱਦੇ ਨੂੰ ਲੈ ਕੇ ਵਿਜੇ ਸ਼ਾਹ ਅਤੇ ਉਹਨਾਂ ਦੀ ਪਾਰਟੀ ਭਾਜਪਾ ਨੂੰ ਘੇਰ ਲਿਆ ਹੈ। ਕਾਂਗਰਸ ਪ੍ਰੋਤਕਤਾ ਨੇ ਕਿਹਾ ਕਿ, "ਜੋ ਵਿਅਕਤੀ ਦੇਸ਼ ਦੀ ਮਹਿਲਾ ਫ਼ੌਜੀ ਅਧਿਕਾਰੀ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ, ਉਸਦਾ ਮੰਤਰੀ ਪਦ 'ਤੇ ਬਣੇ ਰਹਿਣਾ ਲੋਕਤੰਤਰ ਅਤੇ ਨੈਤਿਕਤਾ ਦੋਨਾਂ ਦੇ ਖ਼ਿਲਾਫ਼ ਹੈ।" ਜਦੋਂ ਕਿ ਭਾਜਪਾ ਦੇ ਅੰਦਰ ਵੀ ਕੁਝ ਨੇਤਾਵਾਂ ਨੇ ਮੰਤਰੀ ਦੇ ਬਿਆਨ ਨੂੰ ਦੁਖਦਾਈ ਦੱਸਿਆ ਹੈ।
ਕਰਨਲ ਸੋਫ਼ੀਆ ਕੁਰੈਸ਼ੀ ਕੌਣ ਹੈ?
ਕਰਨਲ ਸੋਫ਼ੀਆ ਕੁਰੈਸ਼ੀ ਭਾਰਤੀ ਸੈਨਾਂ ਦੀ ਇੱਕ ਪ੍ਰਸਿੱਧ ਅਧਿਕਾਰੀ ਹੈ, ਜੋ ਕਈ ਅੰਤਰਰਾਸ਼ਟਰੀ ਮੁਹਿੰਮਾਂ ਦਾ ਹਿੱਸਾ ਰਹਿ ਚੁੱਕੀ ਹੈ। ਆਪ੍ਰੇਸ਼ਨ ਸਿੰਦੂਰ ਵਿੱਚ ਉਹਨਾਂ ਦਾ ਰੋਲ ਬਹੁਤ ਮਹੱਤਵਪੂਰਨ ਸੀ। ਉਹ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਵਜੋਂ ਵੀ ਸੇਵਾਵਾਂ ਦੇ ਚੁੱਕੀ ਹੈ। ਉਹਨਾਂ ਦੀ ਦੇਸ਼ ਭਗਤੀ ਅਤੇ ਯੋਗਦਾਨ ਨੂੰ ਪੂਰੇ ਦੇਸ਼ ਵਿੱਚ ਸਤਿਕਾਰ ਨਾਲ ਵੇਖਿਆ ਜਾਂਦਾ ਹੈ।
ਹੁਣ ਸਾਰਿਆਂ ਦੀ ਨਿਗਾਹ 19 ਮਈ ਨੂੰ ਹੋਣ ਵਾਲੀ ਸੁਣਵਾਈ 'ਤੇ ਹੈ। ਦੇਖਣਾ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਕੀ ਰੁਖ਼ ਅਪਣਾਉਂਦੀ ਹੈ। ਕੀ ਵਿਜੇ ਸ਼ਾਹ ਨੂੰ ਰਾਹਤ ਮਿਲੇਗੀ ਜਾਂ ਉਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅੱਗੇ ਵਧੇਗੀ, ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਜਾਵੇਗਾ।
```