ਇੰਡੀਅਨ ਪ੍ਰੀਮੀਅਰ ਲੀਗ 2026 ਦੇ ਐਲੀਮੀਨੇਟਰ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਕੇ ਕਵਾਲੀਫਾਇਰ-2 ਵਿੱਚ ਜਗ੍ਹਾ ਬਣਾਈ। ਮੁੱਲਾਂਪੁਰ ਵਿੱਚ ਖੇਡੇ ਗਏ ਇਸ ਹਾਈ-ਸਕੋਰਿੰਗ ਮੈਚ ਵਿੱਚ ਰਾਜਸਥਾਨ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੇ 29 ਗੇਂਦਾਂ ਵਿੱਚ 97 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ।
ਹੁਣ ਰਾਜਸਥਾਨ ਰੌਇਲਜ਼ ਦਾ ਸਾਹਮਣਾ 29 ਮਈ ਨੂੰ ਗੁਜਰਾਤ ਟਾਈਟਨਜ਼ ਨਾਲ ਕਵਾਲੀਫਾਇਰ-2 ਵਿੱਚ ਹੋਵੇਗਾ। ਇਸ ਮੈਚ ਦੀ ਜੇਤੂ ਟੀਮ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜੇਗੀ।
ਵੈਭਵ ਸੂਰਯਵੰਸ਼ੀ ਅਤੇ ਯਸ਼ਸਵੀ ਜੈਸਵਾਲ ਨੇ ਦਿੱਤੀ ਤੇਜ਼ ਸ਼ੁਰੂਆਤ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰੌਇਲਜ਼ ਨੂੰ ਵੈਭਵ ਸੂਰਯਵੰਸ਼ੀ ਅਤੇ ਯਸ਼ਸਵੀ ਜੈਸਵਾਲ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 48 ਗੇਂਦਾਂ ਵਿੱਚ 125 ਦੌੜਾਂ ਦੀ ਸਾਂਝੇਦਾਰੀ ਕਰਕੇ ਹੈਦਰਾਬਾਦ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ। 15 ਸਾਲਾ ਵੈਭਵ ਸੂਰਯਵੰਸ਼ੀ ਨੇ ਸਿਰਫ 16 ਗੇਂਦਾਂ ਵਿੱਚ ਆਪਣਾ ਅਰਧਸ਼ਤਕ ਪੂਰਾ ਕੀਤਾ।
ਉਨ੍ਹਾਂ ਨੇ 29 ਗੇਂਦਾਂ ਵਿੱਚ 12 ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ 97 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 334 ਤੋਂ ਵੱਧ ਰਿਹਾ। ਦੂਜੇ ਪਾਸੇ ਯਸ਼ਸਵੀ ਜੈਸਵਾਲ ਨੇ 29 ਗੇਂਦਾਂ ‘ਤੇ 29 ਦੌੜਾਂ ਦਾ ਯੋਗਦਾਨ ਦਿੱਤਾ। ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਆਉਟ ਹੋਣ ਤੱਕ ਰਾਜਸਥਾਨ ਦਾ ਸਕੋਰ 137 ਦੌੜਾਂ ਹੋ ਚੁੱਕਾ ਸੀ।
ਧ੍ਰੁਵ ਜੁਰੇਲ ਅਤੇ ਰਿਆਨ ਪਰਾਗ ਨੇ ਦਿੱਤਾ ਮਜ਼ਬੂਤ ਅੰਤ
ਮਜ਼ਬੂਤ ਸ਼ੁਰੂਆਤ ਤੋਂ ਬਾਅਦ ਕਪਤਾਨ ਰਿਆਨ ਪਰਾਗ ਅਤੇ ਧ੍ਰੁਵ ਜੁਰੇਲ ਨੇ ਪਾਰੀ ਦੀ ਰਫ਼ਤਾਰ ਕਾਇਮ ਰੱਖੀ। ਦੋਵਾਂ ਨੇ ਤੀਜੇ ਵਿਕਟ ਲਈ 21 ਗੇਂਦਾਂ ਵਿੱਚ 55 ਦੌੜਾਂ ਜੋੜੀਆਂ। ਧ੍ਰੁਵ ਜੁਰੇਲ ਨੇ 21 ਗੇਂਦਾਂ ਵਿੱਚ ਤਿੰਨ ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਡੋਨੋਵਨ ਫਰੇਰਾ ਅਤੇ ਰਵਿੰਦਰ ਜਡੇਜਾ ਨੇ ਵੀ ਉਪਯੋਗੀ ਯੋਗਦਾਨ ਦਿੱਤਾ।
ਰਾਜਸਥਾਨ ਨੇ ਨਿਰਧਾਰਿਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 243 ਦੌੜਾਂ ਬਣਾਈਆਂ।
ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਪ੍ਰਫੁਲ ਹਿੰਗੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ, ਜਦਕਿ ਈਸ਼ਾਨ ਕਿਸ਼ਨ, ਸ਼ਿਵਾਂਗ ਕੁਮਾਰ ਅਤੇ ਨਿਤੀਸ਼ ਰੈੱਡੀ ਨੂੰ ਇੱਕ-ਇੱਕ ਵਿਕਟ ਮਿਲੀ।
ਹੈਦਰਾਬਾਦ ਦੀ ਸ਼ੁਰੂਆਤ ਰਹੀ ਖਰਾਬ
244 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਦੂਜੀ ਹੀ ਗੇਂਦ ‘ਤੇ ਅਭਿਸ਼ੇਕ ਸ਼ਰਮਾ ਦਾ ਵਿਕਟ ਗਵਾ ਦਿੱਤਾ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਟ੍ਰੈਵਿਸ ਹੈੱਡ ਨੇ ਦੂਜੇ ਵਿਕਟ ਲਈ 15 ਗੇਂਦਾਂ ਵਿੱਚ 51 ਦੌੜਾਂ ਜੋੜੀਆਂ। ਈਸ਼ਾਨ ਕਿਸ਼ਨ ਨੇ 33 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਹੈਦਰਾਬਾਦ ਦੀ ਬੱਲੇਬਾਜ਼ੀ ਕ੍ਰਮ ਦਬਾਅ ਵਿੱਚ ਆ ਗਿਆ। ਟੀਮ ਨੇ 6.5 ਓਵਰਾਂ ਵਿੱਚ ਪੰਜ ਵਿਕਟਾਂ ਗਵਾ ਕੇ 81 ਦੌੜਾਂ ਬਣਾਈਆਂ ਸਨ। ਫਿਰ ਸਲਿਲ ਅਰੋੜਾ ਅਤੇ ਨਿਤੀਸ਼ ਰੈੱਡੀ ਨੇ ਛੇਵੇਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਤੀਸ਼ ਰੈੱਡੀ ਨੇ 38 ਦੌੜਾਂ ਬਣਾਈਆਂ, ਜਦਕਿ ਸਲਿਲ ਅਰੋੜਾ ਨੇ 35 ਦੌੜਾਂ ਦਾ ਯੋਗਦਾਨ ਦਿੱਤਾ। ਸ਼ਿਵਾਂਗ ਕੁਮਾਰ ਨੇ ਵੀ 27 ਦੌੜਾਂ ਬਣਾਈਆਂ, ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 19.2 ਓਵਰਾਂ ਵਿੱਚ 196 ਦੌੜਾਂ ‘ਤੇ ਆਲ ਆਉਟ ਹੋ ਗਈ।
ਰਾਜਸਥਾਨ ਦੇ ਗੇਂਦਬਾਜ਼ਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ
ਰਾਜਸਥਾਨ ਰੌਇਲਜ਼ ਵੱਲੋਂ ਜੋਫਰਾ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ। ਨਾਂਦਰੇ ਬਰਗਰ, ਸੁਸ਼ਾਂਤ ਮਿਸ਼ਰਾ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਯਸ਼ ਰਾਜ ਨੂੰ ਇੱਕ ਸਫਲਤਾ ਮਿਲੀ।
ਇਸ ਜਿੱਤ ਨਾਲ ਰਾਜਸਥਾਨ ਰੌਇਲਜ਼ ਨੇ ਆਈਪੀਐਲ 2026 ਦੇ ਕਵਾਲੀਫਾਇਰ-2 ਵਿੱਚ ਪ੍ਰਵੇਸ਼ ਕਰ ਲਿਆ ਹੈ। ਗੁਜਰਾਤ ਟਾਈਟਨਜ਼ ਵਿਰੁੱਧ ਹੋਣ ਵਾਲਾ ਅਗਲਾ ਮੈਚ ਦੋਵਾਂ ਟੀਮਾਂ ਲਈ ਨਿਰਣਾਇਕ ਹੋਵੇਗਾ।








