ਪੱਛਮੀ ਏਸ਼ੀਆ ਵਿੱਚ ਵੱਧ ਰਹੇ ਭੂ-ਰਾਜਨੀਤਿਕ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਸਾਫ਼ ਤੌਰ ‘ਤੇ ਦੇਖਣ ਨੂੰ ਮਿਲਿਆ। ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਦੇ ਦਰਮਿਆਨ ਹਫ਼ਤੇ ਦੇ ਕਾਰੋਬਾਰੀ ਦਿਨ ਘਰੇਲੂ ਬਾਜ਼ਾਰ ਗਿਰਾਵਟ ਨਾਲ ਖੁਲੇ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ ਕਰੀਬ 500 ਅੰਕ ਤੱਕ ਡਿੱਗ ਗਿਆ, ਜਦਕਿ ਨਿਫਟੀ 50 ਇੰਡੈਕਸ 24,200 ਦੇ ਮਹੱਤਵਪੂਰਨ ਪੱਧਰ ਤੋਂ ਹੇਠਾਂ ਫਿਸਲ ਗਿਆ।
ਸਵੇਰੇ ਕਰੀਬ 9:30 ਵਜੇ ਬੀਐਸਈ ਸੈਂਸੈਕਸ 306.13 ਅੰਕ ਜਾਂ 0.39 ਫੀਸਦੀ ਦੀ ਗਿਰਾਵਟ ਨਾਲ 77,538.39 ‘ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਨਿਫਟੀ 83.90 ਅੰਕ ਜਾਂ 0.34 ਫੀਸਦੀ ਡਿੱਗ ਕੇ 24,242.75 ਅੰਕ ‘ਤੇ ਪਹੁੰਚ ਗਿਆ।
ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵੀ ਦਬਾਅ ਦੇਖਿਆ ਗਿਆ। ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 0.35 ਫੀਸਦੀ ਕਮਜ਼ੋਰ ਹੋ ਕੇ 94.58 ‘ਤੇ ਖੁੱਲਿਆ, ਜਦਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 94.25 ‘ਤੇ ਬੰਦ ਹੋਇਆ ਸੀ।
ਵਿਸ਼ਲੇਸ਼ਕਾਂ ਦੇ ਅਨੁਸਾਰ ਵਿਸ਼ਵ ਪੱਧਰੀ ਅਣਿਸ਼ਚਿਤਤਾ ਵਧਣ ‘ਤੇ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵਿਕਲਪਾਂ ਵੱਲ ਰੁਖ ਕਰਦੇ ਹਨ, ਜਿਸ ਕਾਰਨ ਉਭਰਦੇ ਬਾਜ਼ਾਰਾਂ ਵਿੱਚ ਵਿਕਰੀ ਦਾ ਦਬਾਅ ਵਧ ਜਾਂਦਾ ਹੈ।
ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ਵਿੱਚੋਂ ਜ਼ਿਆਦਾਤਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਨਜ਼ਰ ਆਏ। ਆਟੋ ਅਤੇ ਬੈਂਕਿੰਗ ਸੈਕਟਰ ‘ਤੇ ਸਭ ਤੋਂ ਵੱਧ ਦਬਾਅ ਰਿਹਾ। ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਵਿੱਚ ਸਭ ਤੋਂ ਵੱਧ 1.35 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਐਕਸਿਸ ਬੈਂਕ, ਐਚਡੀਐਫਸੀ ਬੈਂਕ, ਰਿਲਾਇੰਸ, ਕੋਟਕ ਮਹਿੰਦਰਾ ਬੈਂਕ, ਮਾਰੁਤੀ ਸੁਜ਼ੁਕੀ, ਇਟਰਨਲ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦੇਖੀ ਗਈ।
ਦੂਜੇ ਪਾਸੇ ਏਸ਼ੀਅਨ ਪੇਂਟਸ, ਬੀਈਐਲ, ਟੈਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਅਡਾਣੀ ਪੋਰਟਸ, ਆਈਟੀਸੀ, ਐਚਸੀਐਲ ਟੈਕ, ਇਨਫੋਸਿਸ ਅਤੇ ਸਨ ਫਾਰਮਾ ਦੇ ਸ਼ੇਅਰਾਂ ਵਿੱਚ ਤੇਜ਼ੀ ਰਹੀ।
ਬ੍ਰਾਡਰ ਮਾਰਕੀਟ ਵਿੱਚ ਮਿਲਿਆ-ਜੁਲਿਆ ਰੁਖ ਦੇਖਣ ਨੂੰ ਮਿਲਿਆ। ਨਿਫਟੀ ਮਿਡਕੈਪ ਇੰਡੈਕਸ ਵਿੱਚ ਹਲਕੀ ਗਿਰਾਵਟ ਰਹੀ, ਜਦਕਿ ਸਮਾਲਕੈਪ ਇੰਡੈਕਸ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਸੈਕਟੋਰਲ ਇੰਡੈਕਸਾਂ ਵਿੱਚ ਪ੍ਰਾਈਵੇਟ ਬੈਂਕ, ਪੀਐਸਯੂ ਬੈਂਕ, ਬੈਂਕਿੰਗ ਅਤੇ ਆਟੋ ਸੈਕਟਰ ਵਿੱਚ ਵੱਧ ਦਬਾਅ ਰਿਹਾ। ਦੂਜੇ ਪਾਸੇ ਆਈਟੀ ਅਤੇ ਫਾਰਮਾ ਸੈਕਟਰ ਵਿੱਚ ਖਰੀਦਦਾਰੀ ਦਾ ਰੁਝਾਨ ਦੇਖਿਆ ਗਿਆ।
ਬਾਜ਼ਾਰ ਵਿੱਚ ਗਿਰਾਵਟ ਦੀ ਮੁੱਖ ਵਜ੍ਹਾ ਪੱਛਮੀ ਏਸ਼ੀਆ ਵਿੱਚ ਵੱਧਦਾ ਤਣਾਅ ਮੰਨਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਇਰਾਨ ਦੇ ਕੁਝ ਠਿਕਾਣਿਆਂ ‘ਤੇ ਕਾਰਵਾਈ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਗਲੋਬਲ ਨਿਵੇਸ਼ਕਾਂ ਵਿੱਚ ਚਿੰਤਾ ਵਧੀ ਹੈ।










