ਨੀਤੀ ਆਯੋਗ ਦੀ ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ- ਹਰ ਰਾਜ ਬਣੇ ਵਿਸ਼ਵ ਪੱਧਰ ਦਾ ਟੂਰਿਜ਼ਮ ਡੈਸਟੀਨੇਸ਼ਨ। 2047 ਤੱਕ ਵਿਕਸਤ ਭਾਰਤ ਦਾ ਟੀਚਾ। ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ‘ਤੇ ਵੀ ਜ਼ੋਰ।
PM Modi in Niti Aayog Meeting: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਮਈ 2025 ਨੂੰ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਇੱਕ ਨਵਾਂ ਵਿਜ਼ਨ ਰੱਖਿਆ। ਇਸ ਮੀਟਿੰਗ ਦਾ ਥੀਮ ਸੀ: "ਵਿਕਸਤ ਭਾਰਤ ਲਈ ਵਿਕਸਤ ਰਾਜ 2047"। ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਹਰ ਰਾਜ ਨੂੰ ਗਲੋਬਲ ਲੈਵਲ ਦਾ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇ।
ਉਨ੍ਹਾਂ ਕਿਹਾ, “ਸਾਨੂੰ ਇਸ ਤਰ੍ਹਾਂ ਦਾ ਦੇਸ਼ ਬਣਾਉਣਾ ਹੈ, ਜਿੱਥੇ ਹਰ ਰਾਜ ਆਪਣੀ ਇੱਕ ਵਿਲੱਖਣ ਪਛਾਣ ਦੇ ਨਾਲ ਵਿਸ਼ਵ ਪੱਧਰ ਦੇ ਸੈਲਾਨੀਆਂ ਨੂੰ ਆਕਰਸ਼ਤ ਕਰੇ। ਇਸ ਨਾਲ ਨਾ ਕੇਵਲ ਸਥਾਨਕ ਅਰਥਚਾਰਾ ਮਜ਼ਬੂਤ ਹੋਵੇਗਾ, ਸਗੋਂ ਇੰਟਰਨੈਸ਼ਨਲ ਵਿਜ਼ਿਟਰਾਂ ਲਈ ਭਾਰਤ ਇੱਕ ਮਨਪਸੰਦ ਗੰਤਵਯ ਬਣ ਜਾਵੇਗਾ।”
ਸ਼ਹਿਰੀਕਰਨ ਅਤੇ ਭਵਿੱਖ ਦੀ ਤਿਆਰੀ
ਮੀਟਿੰਗ ਵਿੱਚ ਪੀਐਮ ਮੋਦੀ ਨੇ ਸ਼ਹਿਰੀਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਭਾਰਤ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ, ਇਸ ਲਈ ਸਾਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸ਼ਹਿਰਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਵਿਕਾਸ, ਨਵੀਨਤਾ ਅਤੇ ਸਥਿਰਤਾ ਸਾਡੇ ਸ਼ਹਿਰਾਂ ਦੀ ਤਰੱਕੀ ਦਾ ਇੰਜਣ ਬਣਨੇ ਚਾਹੀਦੇ ਹਨ।”
ਉਨ੍ਹਾਂ ਸੁਝਾਅ ਦਿੱਤਾ ਕਿ ਹਰ ਰਾਜ ਨੂੰ ਆਪਣੇ ਮੁੱਖ ਸ਼ਹਿਰਾਂ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨਾ ਚਾਹੀਦਾ ਹੈ, ਜਿੱਥੇ ਸਮਾਰਟ ਸਿਟੀ ਟੈਕਨੋਲੋਜੀ, ਬਿਹਤਰ ਢਾਂਚਾ, ਅਤੇ ਵਾਤਾਵਰਣ ਅਨੁਕੂਲ ਸਹੂਲਤਾਂ ਹੋਣ।
ਵਨ ਸਟੇਟ, ਵਨ ਗਲੋਬਲ ਡੈਸਟੀਨੇਸ਼ਨ
ਪੀਐਮ ਮੋਦੀ ਨੇ 'ਵਨ ਸਟੇਟ, ਵਨ ਗਲੋਬਲ ਡੈਸਟੀਨੇਸ਼ਨ' ਦੀ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰ ਰਾਜ ਨੂੰ ਆਪਣੀ ਸੱਭਿਆਚਾਰਕ ਵਿਰਾਸਤ, ਕੁਦਰਤੀ ਸੁੰਦਰਤਾ, ਅਤੇ ਵਿਸ਼ੇਸ਼ਤਾਵਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਮੋਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਰਾਜ ਇੱਕ ਵਰਲਡ-ਕਲਾਸ ਟੂਰਿਸਟ ਹੱਬ ਬਣ ਗਿਆ, ਤਾਂ ਭਾਰਤ 2047 ਤੋਂ ਪਹਿਲਾਂ ਹੀ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਸਕਦਾ ਹੈ।
2047 ਤੱਕ ਵਿਕਸਤ ਭਾਰਤ ਦਾ ਟੀਚਾ
ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਸਾਫ਼ ਕਿਹਾ, “ਸਾਨੂੰ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਰਾਜ, ਹਰ ਸ਼ਹਿਰ, ਹਰ ਪਿੰਡ ਇੱਕ ਵਿਕਸਤ ਮਾਡਲ ਵਜੋਂ ਉੱਭਰੇ। ਸਾਨੂੰ ਹਰ ਨਾਗਰਿਕ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣੀ ਹੋਵੇਗੀ, ਤਾਂ ਜੋ ਬਦਲਾਅ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਮਹਿਸੂਸ ਹੋਵੇ।”
ਬਦਲਾਅ ਦਾ ਅਸਰ ਆਮ ਜਨਤਾ ਤੱਕ ਪਹੁੰਚੇ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨੀਤੀਆਂ ਦਾ ਅਸਲੀ ਫਾਇਦਾ ਤਾਂ ਹੀ ਹੈ ਜਦੋਂ ਉਨ੍ਹਾਂ ਦਾ ਅਸਰ ਆਮ ਲੋਕਾਂ ਦੇ ਜੀਵਨ ਵਿੱਚ ਦਿਖੇ। ਜਦੋਂ ਲੋਕ ਖੁਦ ਬਦਲਾਅ ਨੂੰ ਮਹਿਸੂਸ ਕਰਦੇ ਹਨ, ਤਾਂ ਹੀ ਉਹ ਬਦਲਾਅ ਸਥਾਈ ਹੁੰਦਾ ਹੈ ਅਤੇ ਇੱਕ ਜਨ ਅੰਦੋਲਨ ਦਾ ਰੂਪ ਲੈ ਲੈਂਦਾ ਹੈ। ਇਸ ਲਈ ਸਾਨੂੰ ਹਰ ਯੋਜਨਾ ਨੂੰ ਗਰਾਊਂਡ ਲੈਵਲ ਤੱਕ ਪਹੁੰਚਾਉਣਾ ਹੋਵੇਗਾ।”
ਔਰਤਾਂ ਦੀ ਭੂਮਿਕਾ ‘ਤੇ ਪੀਐਮ ਮੋਦੀ ਦਾ ਫੋਕਸ
ਔਰਤਾਂ ਦੀ ਭਾਗੀਦਾਰੀ ‘ਤੇ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਕਾਨੂੰਨ ਅਤੇ ਨੀਤੀਆਂ ਬਣਾਈਆਂ ਜਾਣ ਜਿਸ ਨਾਲ ਔਰਤਾਂ ਨੂੰ ਕਾਰਜਬਲ ਵਿੱਚ ਸਨਮਾਨਜਨਕ ਸਥਾਨ ਮਿਲੇ।